Exit Poll: ਭਲਕੇ ਸ਼ਨੀਵਾਰ (1 ਜੂਨ) ਨੂੰ ਸੱਤਵੇਂ ਤੇ ਅੰਤਿਮ ਦੌਰ ਦੀਆਂ ਵੋਟਾਂ ਪੈ ਰਹੀਆਂ ਹਨ। ਇਸ ਮਗਰੋਂ 4 ਜੂਨ ਨੂੰ ਚੋਣਾਂ ਦੇ ਨਤੀਜੇ ਆਉਣਗੇ ਪਰ ਇਸ ਤੋਂ ਪਹਿਲਾਂ ਹੀ ਕੱਲ੍ਹ ਸ਼ਾਮ ਨੂੰ ਵੱਖ-ਵੱਖ ਨਿਊਜ਼ ਚੈਨਲ ਆਪਣੇ ਐਗਜ਼ਿਟ ਪੋਲ ਰਾਹੀਂ ਖੁਲਾਸਾ ਕਰਨਗੇ ਕਿ ਇਸ ਵਾਰ ਸਰਕਾਰ ਕਿਸ ਦੀ ਬਣੇਗੀ। ਬੇਸ਼ੱਕ ਐਗਜ਼ਿਟ ਪੋਲ ਕਈ ਵਾਰ ਗਲਤ ਵੀ ਸਾਬਤ ਹੁੰਦੇ ਹਨ ਪਰ ਇਨ੍ਹਾਂ ਦਾ ਅਧਿਐਨ ਕਰਕੇ ਮੋਟੀ-ਮੋਟੀ ਤਸਵੀਰ ਸਾਹਮਣੇ ਆ ਜਾਂਦੀ ਹੈ।
ਦਰਅਸਲ ਮੰਨਿਆ ਜਾਂਦਾ ਹੈ ਕਿ ਓਪੀਨੀਅਨ ਪੋਲ ਨਾਲੋਂ ਐਗਜ਼ਿਟ ਪੋਲ ਜ਼ਿਆਦਾ ਸਟੀਕ ਹੁੰਦੇ ਹਨ। ਉਂਝ ਬਹੁਤੇ ਲੋਕ ਐਗਜ਼ਿਟ ਪੋਲ ਤੇ ਓਪੀਨੀਅਨ ਪੋਲ ਵਿਚਾਲੇ ਫਰਕ ਨੂੰ ਨਹੀਂ ਸਮਝ ਪਾਉਂਦੇ ਜਿਸ ਕਰਕੇ ਇਸ ਨੂੰ ਸਿਰੇ ਤੋਂ ਹੀ ਰੱਦ ਕਰ ਦਿੰਦੇ ਹਨ। ਇਸ ਲਈ ਆਓ ਜਾਣਦੇ ਹਾਂ ਕਿ ਐਗਜ਼ਿਟ ਪੋਲ ਤੇ ਓਪੀਨੀਅਨ ਪੋਲ ਵਿਚਾਲੇ ਕੀ ਫਰਕ ਹੈ।
ਐਗਜ਼ਿਟ ਪੋਲ
ਇਹ ਸਰਵੇਖਣ ਵੋਟਿੰਗ ਤੋਂ ਤੁਰੰਤ ਬਾਅਦ ਕੀਤਾ ਜਾਂਦਾ ਹੈ। ਇਸ ਵਿੱਚ ਸਿਰਫ਼ ਵੋਟ ਪਾਉਣ ਵਾਲੇ ਲੋਕ ਹੀ ਸ਼ਾਮਲ ਹੁੰਦੇ ਹਨ। ਇੱਕ ਤਰ੍ਹਾਂ ਨਾਲ ਇਹ ਵਿਸਤਾਰ ਨਾਲ ਇਹ ਜਾਣਨ ਦੀ ਕੋਸ਼ਿਸ਼ ਹੁੰਦੀ ਕਿ ਜਨਤਾ ਨੇ ਕਿਸ ਪਾਰਟੀ ਨੂੰ ਵੋਟ ਪਾਈ ਹੈ। ਚੋਣ ਕਮਿਸ਼ਨ ਵੱਲੋਂ ਪਾਬੰਦੀ ਹੁੰਦੀ ਹੈ ਕਿ ਸਾਰੇ ਗੇੜਾਂ ਦੀ ਵੋਟਿੰਗ ਮੁਕੰਮਲ ਹੋਣ ਤੱਕ ਐਗਜ਼ਿਟ ਪੋਲ ਜਾਰੀ ਨਹੀਂ ਕੀਤਾ ਜਾ ਸਕਦਾ। ਇਸ ਲਈ ਵੋਟਿੰਗ ਪੂਰੀ ਤਰ੍ਹਾਂ ਖਤਮ ਹੋਣ ਤੋਂ ਬਾਅਦ ਹੀ ਐਗਜ਼ਿਟ ਪੋਲ ਦਾ ਨਤੀਜਾ ਜਾਰੀ ਕੀਤਾ ਜਾਂਦਾ ਹੈ
ਓਪੀਨੀਅਨ ਪੋਲ
ਇਹ ਸਰਵੇਖਣ ਚੋਣਾਂ ਤੋਂ ਪਹਿਲਾਂ ਕੀਤਾ ਜਾਂਦਾ ਹੈ। ਇਸ ਵਿੱਚ ਹਰ ਕਿਸੇ ਦੀ ਰਾਏ ਲਈ ਜਾਂਦੀ ਹੈ, ਚਾਹੇ ਉਹ ਵਿਅਕਤੀ ਵੋਟਰ ਹੈ ਜਾਂ ਨਹੀਂ। ਅਸਲ ਵਿੱਚ ਇਸ ਸਰਵੇਣ ਦੌਰਾਨ ਪੂਰਾ ਧਿਆਨ ਮੁੱਦਿਆਂ 'ਤੇ ਰਹਿੰਦਾ ਹੈ। ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਓਪੀਨੀਅਨ ਪੋਲ ਪ੍ਰਸਾਰਿਤ ਕਰਨ ਉਪਰ ਕੋਈ ਪਾਬੰਦੀ ਨਹੀਂ ਹੁੰਦੀ।
ਭਾਰਤ ਵਿੱਚ ਐਗਜ਼ਿਟ ਪੋਲ ਦਾ ਇਤਿਹਾਸ
ਭਾਰਤ ਵਿੱਚ ਪਹਿਲਾ ਐਗਜ਼ਿਟ ਪੋਲ 1980 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਹ ਪੂਰੀ ਤਰ੍ਹਾਂ ਪ੍ਰਿੰਟ ਮਾਧਿਅਮ 'ਤੇ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਐਗਜ਼ਿਟ ਪੋਲ 'ਚ ਮੁੱਦਿਆਂ ਨੂੰ ਸਾਫ਼-ਸਾਫ਼ ਦੱਸਿਆ ਗਿਆ ਸੀ। ਇਸ ਪੋਲ 'ਚ ਜਾਤੀ, ਧਰਮ ਤੇ ਐਮਰਜੈਂਸੀ ਨੂੰ ਲੈ ਕੇ ਸਵਾਲ ਪੁੱਛੇ ਗਏ ਸਨ। ਮਾਰਗ-ਇੰਡੀਆ ਟੂਡੇ ਦੇ ਇਸ ਪੋਲ ਵਿੱਚ ਜ਼ਿਆਦਾਤਰ ਲੋਕਾਂ ਨੇ ਇੰਦਰਾ ਗਾਂਧੀ ਸਰਕਾਰ ਦੀ ਵਾਪਸੀ ਦੀ ਗੱਲ ਕੀਤੀ ਸੀ। 90 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਐਮਰਜੈਂਸੀ ਤੋਂ ਪ੍ਰਭਾਵਿਤ ਨਹੀਂ ਹੋਏ। ਇਸ ਤੋਂ ਬਾਅਦ 1984 ਤੇ 1989 ਵਿੱਚ ਵੀ ਐਗਜ਼ਿਟ ਪੋਲ ਕਰਵਾਏ ਗਏ ਸਨ।
1996 ਵਿੱਚ, ਪਹਿਲੀ ਵਾਰ, ਦੂਰਦਰਸ਼ਨ ਟੀਵੀ ਨੇ CSDS ਏਜੰਸੀ ਦੇ ਸਹਿਯੋਗ ਨਾਲ ਆਡੀਓ-ਵਿਜ਼ੂਅਲ ਮਾਧਿਅਮ ਵਿੱਚ ਇੱਕ ਐਗਜ਼ਿਟ ਪੋਲ ਤਿਆਰ ਕੀਤਾ। ਇਸ ਸੀਐਸਡੀਐਸ ਪੋਲ ਵਿੱਚ ਦੇਸ਼ ਭਰ ਦੇ 9614 ਲੋਕਾਂ ਤੋਂ ਰਾਏ ਲਈ ਗਈ ਸੀ। ਸਰਵੇਖਣ ਵਿੱਚ ਸ਼ਾਮਲ 28.5 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਕਾਂਗਰਸ ਨੂੰ ਵੋਟ ਪਾਉਣਗੇ ਤੇ 20.1 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਭਾਜਪਾ ਨੂੰ ਵੋਟ ਪਾਉਣਗੇ। ਕਰੀਬ 40 ਫੀਸਦੀ ਲੋਕਾਂ ਨੇ ਕਿਹਾ ਸੀ ਕਿ ਉਹ ਦੂਜੀਆਂ ਪਾਰਟੀਆਂ ਨੂੰ ਵੋਟ ਪਾਉਣਗੇ। ਇਹ ਐਗਜ਼ਿਟ ਪੋਲ ਪੂਰੀ ਤਰ੍ਹਾਂ ਸੱਚ ਸਾਬਤ ਹੋਇਆ।
ਫਿਰ ਪ੍ਰਾਈਵੇਟ ਟੀਵੀ ਚੈਨਲਾਂ ਦੇ ਆਉਣ ਤੋਂ ਬਾਅਦ ਐਗਜ਼ਿਟ ਪੋਲ ਦਾ ਦਬਦਬਾ ਵਧ ਗਿਆ ਹੈ। ਮੌਜੂਦਾ ਸਮੇਂ ਵਿੱਚ 10 ਤੋਂ ਵੱਧ ਏਜੰਸੀਆਂ ਵੱਲੋਂ ਐਗਜ਼ਿਟ ਪੋਲ ਤਿਆਰ ਕੀਤੇ ਗਏ ਹਨ।