ਕਸ਼ਮੀਰ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ-ਦੋ ਨਹੀਂ ਸਗੋਂ ਘੱਟੋ-ਘੱਟ 32 ਮਰਦਾਂ ਨੂੰ ਇੱਕੋ ਔਰਤ ਨੇ ‘ਫ਼ਰਜ਼ੀ-ਵਿਆਹ’ ਰਾਹੀਂ ਠੱਗਿਆ ਹੈ। ਕਾਨੂੰਨੀ ਤੌਰ 'ਤੇ ਇਕ ਤੋਂ ਬਾਅਦ ਇਕ ਸਾਰੇ ਮਰਦਾਂ ਨਾਲ ਵਿਆਹ ਕਰਵਾਉਣ ਵਾਲੀ ਇਹ ਔਰਤ ਫਰਾਰ ਹੈ ਅਤੇ ਹੁਣ ਤੱਕ ਉਸ ਦੇ ਅਸਲੀ ਨਾਂ, ਪਛਾਣ ਜਾਂ ਪਤੇ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਲੱਗਾ।
ਹਾਲਾਂਕਿ ਠੱਗਾਂ ਦੇ ਗਰੋਹ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਚਾਰ ਜ਼ਿਲਿਆਂ ਬਡਗਾਮ, ਪੁਲਵਾਮਾ, ਸ਼੍ਰੀਨਗਰ ਅਤੇ ਸ਼ੋਪੀਆਂ ਦੇ 32 ਆਦਮੀ ਸ਼੍ਰੀਨਗਰ 'ਚ ਪ੍ਰਦਰਸ਼ਨ ਕਰ ਰਹੇ ਹਨ। ਜੋ ਭੋਲੇ ਭਾਲੇ ਲੋਕਾਂ ਨੂੰ ਵਿਆਹ ਕਰਵਾ ਕੇ ਫਸਾਉਂਦੇ ਹਨ ਅਤੇ ਵਿਆਹ ਤੋਂ ਬਾਅਦ ਉਨ੍ਹਾਂ ਨਾਲ ਗਹਿਣੇ ਅਤੇ "ਮੇਹਰ" ਦੇ ਪੈਸਿਆਂ ਦੀ ਠੱਗੀ ਮਾਰਦੇ ਹਨ।
ਇਹ ਮਾਮਲਾ ਪਿਛਲੇ ਮਹੀਨੇ 3 ਜੂਨ ਨੂੰ ਉਦੋਂ ਸਾਹਮਣੇ ਆਇਆ ਜਦੋਂ ਬਡਗਾਮ ਦੇ ਖਾਨਸਾਹਿਬ ਇਲਾਕੇ ਦੇ ਇੱਕ ਵਿਅਕਤੀ ਮੁਹੰਮਦ ਅਲਤਾਫ਼ ਮੀਰ (48) ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦੀ ਦੋ ਹਫ਼ਤਿਆਂ ਦੀ ਲਾੜੀ ਲਾਪਤਾ ਹੋ ਗਈ ਹੈ।
ਲਾੜੇ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਤਨੀ ਜ਼ਹੀਨ ਅਖਤਰ ਹਸਪਤਾਲ ਇਲਾਜ ਲਈ ਗਈ ਤਾਂ ਲਾਪਤਾ ਹੋ ਗਈ ਸੀ। ਜ਼ਹੀਨ ਅਖਤਰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਜਿਸਦਾ ਘਟਨਾ ਤੋਂ ਦਸ ਦਿਨ ਪਹਿਲਾਂ ਹੀ ਅਲਤਾਫ ਨਾਲ ਵਿਆਹ ਹੋਇਆ ਸੀ। ਮੁਹੰਮਦ ਅਲਤਾਫ਼ ਮੀਰ ਨੇ ਕਿਹਾ ਕਿ ਜ਼ਹੀਨ ਅਖਤਰ ਨੇ ਆਪਣੇ ਦਸਤਾਵੇਜ਼ ਜਾਅਲੀ ਬਣਾਏ ਹਨ। ਉਹ ਆਪਣਾ ਅਸਲੀ ਨਾਂ ਕਿਸੇ ਨੂੰ ਨਹੀਂ ਦੱਸਦੀ।
ਪਹਿਲਾਂ ਤਾਂ ਪੁਲਿਸ ਨੇ ਇਸ ਨੂੰ ਸਾਧਾਰਨ ਘਰੇਲੂ ਮਸਲਾ ਸਮਝਿਆ ਪਰ ਜਦੋਂ ਲਾਪਤਾ ਔਰਤ ਦੀ ਤਸਵੀਰ ਪੁਲਿਸ ਨੇ ਆਪਣੇ ਨੈੱਟਵਰਕ 'ਤੇ ਫਲੈਸ਼ ਕੀਤੀ ਤਾਂ ਇਹ ਵੱਡੀ ਗੱਲ ਬਣ ਗਈ। ਪੁਲਿਸ ਤੰਤਰ ਵਿਚ ਹਾਹਾਕਾਰ ਮਚੀ ਹੋਈ ਹੈ ਕਿਉਂਕਿ ਦਰਜਨ ਤੋਂ ਵੱਧ ਪੁਰਸ਼ਾਂ ਨੇ ਆਪਣੀਆਂ ਪਤਨੀਆਂ ਦੇ ਗੁੰਮ ਹੋਣ ਦੀਆਂ ਰਿਪੋਰਟਾਂ ਲੈ ਕੇ ਪੁਲਿਸ ਕੋਲ ਪਹੁੰਚ ਕੀਤੀ ਸੀ ਅਤੇ ਸਾਰੇ ਮਾਮਲੇ ਵਿਚ ਸ਼ਿਕਾਇਤਕਰਤਾ ਇਸ ਇਕ ਔਰਤ ਦੀਆਂ ਹੀ ਤਸਵੀਰਾਂ ਦਿਖਾ ਰਹੇ ਸਨ।
ਮੁਹੰਮਦ ਅਲਤਾਫ਼ ਮੀਰ ਦੇ ਵਕੀਲ ਨੇ ਦੱਸਿਆ ਕਿ ਇਕੱਲੇ ਬਡਗਾਮ ਵਿਚ ਹੀ ਉਸ ਔਰਤ ਨੇ ਟਾਊਟਾਂ ਦੀ ਮਦਦ ਨਾਲ ਘੱਟੋ-ਘੱਟ 27 ਮਰਦਾਂ ਨਾਲ ਵਿਆਹ ਕੀਤਾ ਹੈ ਅਤੇ ਸਾਡੇ ਕੋਲ ਪੁਲਵਾਮਾ ਅਤੇ ਇੱਥੋਂ ਤੱਕ ਕਿ ਸ੍ਰੀਨਗਰ ਦੇ ਆਸਪਾਸ ਦੇ ਜ਼ਿਲ੍ਹਿਆਂ ਵਿਚ ਵੀ ਕਈ ਮਰਦਾਂ ਦੀਆਂ ਰਿਪੋਰਟਾਂ ਹਨ ਜੋ ਇਸ ਮਹਿਲਾ ਦੇ ਪੀੜਤ ਹਨ।
ਵਕੀਲ ਨੇ ਦਾਅਵਾ ਕੀਤਾ ਕਿ ਪੀੜਤਾਂ ਦੀ ਗਿਣਤੀ 50 ਤੋਂ ਵੱਧ ਹੋ ਸਕਦੀ ਹੈ, ਸਾਰੇ ਲੋਕਾਂ ਤੋਂ 5 ਤੋਂ 10 ਲੱਖ ਰੁਪਏ ਲੁੱਟੇ ਗਏ ਹਨ।" ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਮਾਮਲੇ 'ਤੇ ਚੁੱਪ ਧਾਰੀ ਹੋਈ ਹੈ ਅਤੇ ਵਿਅਕਤੀਗਤ ਸ਼ਿਕਾਇਤਾਂ 'ਤੇ ਹੀ ਕੇਸ ਦਰਜ ਕੀਤੇ ਹਨ। ਅਤੇ ਇਸ ਕੇਸ ਨੂੰ ਸੁਲਝਾਉਣਾ ਇੱਕ ਬਹੁਤ ਵੱਡੀ ਅਤੇ ਦਿਲਚਸਪ ਕਹਾਣੀ ਹੋਵੇਗੀ ਕਿ ਕਿਵੇਂ ਗਿਰੋਹ ਨੇ ਫੜੇ ਬਿਨਾਂ ਇੰਨੇ ਲੋਕਾਂ ਨੂੰ ਧੋਖਾ ਦਿੱਤਾ।