Farmer Protest: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬਤੌਰ ਖ਼ਜ਼ਾਨਾ ਮੰਤਰੀ ਆਪਣੀ ਇਸ ਸਰਕਾਰ ਦਾ ਆਖ਼ਰੀ ਬਜਟ ਪੇਸ਼ ਕੀਤਾ। ਇਸ ਮੌਕੇ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਲਗਾਤਾਰ 5ਵੀਂ ਬਜਟ ਪੇਸ਼ ਕਰਨਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦਾ ਬਜਟ 1 ਲੱਖ 89 ਹਜ਼ਾਰ ਕਰੋੜ ਦਾ ਹੋਵੇਗਾ ਜੋ ਕਿ ਪਿਛਲੇ ਬਜਟ ਨਾਲੋਂ 11 ਫ਼ੀਸਦੀ ਜ਼ਿਆਦਾ ਹੈ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹਰਿਆਣਵੀਆਂ ਨੂੰ ਰਾਹਤ ਦਿੰਦਿਆਂ ਕਿਹਾ ਕਿ ਇਸ ਵਾਰ ਕੋਈ ਟੈਕਸ ਨਹੀਂ ਲੱਗੇਗਾ। ਇਸ ਦੇ ਨਾਲ ਹੀ ਕਿਸਾਨਾਂ ਦੇ ਅੰਦੋਲਨ ਵਿਚਾਲੇ ਮੁੱਖ ਮੰਤਰੀ ਨੇ ਹਰਿਆਣਾ ਵਿੱਚ 5 ਲੱਖ 47 ਹਜ਼ਾਰ ਕਿਸਾਨਾਂ ਦੇ ਕਰਜ਼ੇ ਦਾ ਵਿਆਜ ਤੇ ਜੁਰਮਾਨਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਮੈਂ ਵੀ ਕਿਸਾਨ ਦਾ ਪੁੱਤ ਹਾਂ, ਦਰਦ ਸਮਝਦਾ ਹਾਂ, ਮੈ ਖ਼ੁਦ ਵੀ ਹਲ਼ ਚਲਾਇਆ ਹੈ ਤੇ ਖੇਤੀ ਕੀਤੀ ਹੈ।
ਪਰਾਲੀ ਦੇ ਮੁੱਦੇ 'ਤੇ ਕੀ ਕਿਹਾ ?
ਪਰਾਲੀ ਸਾੜਨ ਦੇ ਮੁੱਦੇ ਉੱਤੇ ਮਨੋਹਰ ਲਾਲ ਖੱਟਰਨ ਨੇ ਕਿਹਾ ਕਿ ਪਰਾਲੀ ਸਾੜਨ ਤੋਂ ਰੋਕਣ ਲਈ ਤੇ ਪ੍ਰਦੂਸ਼ਣ ਘਟਾਉਣ ਲਈ ਲਿਆਂਦੀ ਯੋਜਨਾ ਦੇ ਤਹਿਤ 14 ਲੱਖ ਏਕੜ ਜ਼ਮੀਨ ਦੇ ਪ੍ਰਬੰਧਕ ਦੇ ਲਈ 1 ਲੱਖ 56 ਹਜ਼ਾਰ ਕਿਸਾਨਾਂ ਨੇ ਪੰਜੀਕਰਨ ਕਰਵਾਇਆ ਹੈ ਤੇ ਕਿਸਾਨਾਂ ਨੂੰ 139 ਕਰੋੜ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਗਈ ਹੈ। ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਵੀ ਪਿਛਲੇ ਦੋ ਸਾਲਾਂ ਦੀ ਤੁਲਨਾਂ ਵਿੱਚ 67 ਫ਼ੀਸਦੀ ਦੀ ਕਮੀ ਆਈ ਹੈ।
ਕਿਸਾਨਾਂ ਦੇ ਖਾਤਿਆਂ ਵਿੱਚ ਸਰਕਾਰ ਨੇ ਸਿੱਧੇ ਪਾਏ ਪੈਸੇ
ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਕਿਸਾਨ ਭਾਰਤ ਦੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਹਨ। ਹਰਿਆਣਾ ਸਰਕਾਰ ਨੇ ਕਿਸਾਨਾਂ ਲਈ ਬਹੁਤ ਕੰਮ ਕੀਤੇ ਹਨ। ਸਰਕਾਰ ਨੇ ਖ਼ਰੀਫ ਤੇ ਰੱਬੀ ਸੀਜ਼ਨ 2023 ਵਿੱਚ 29,878 ਕਰੋੜ ਰੁਪਏ ਦਾ ਭੁਗਤਾਨ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਕੀਤਾ ਹੈ। ਇਸ ਤੋਂ ਇਲਾਵਾ 'ਭਾਵਾਂਤਰ ਸਹਾਇਤਾ' ਦੇ 178 ਕਰੋੜ ਦੀ ਰਾਸ਼ੀ ਜਮ੍ਹਾ ਕਰਵਾਈ ਗਈ ਹੈ।