Farmers Protest: ਹਰਿਆਣਾ ਦੇ ਕਿਸਾਨ ਨੇ ਵੀ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਅੱਜ ਕੁਰੂਕਸ਼ੇਤਰ ਦੇ ਬ੍ਰਹਮਸਰੋਵਰ ਦੇ ਤੱਟ ਉਪਰ ਕਿਸਾਨ ਸੰਗਠਨਾਂ ਦੀ ਮੀਟਿੰਗ 'ਚ ਅਹਿਮ ਫੈਸਲਾ ਲਿਆ ਗਿਆ ਹੈ। ਹਰਿਆਣਾ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਮੰਚ 'ਤੇ ਇਕੱਠੀਆਂ ਹੋ ਕੇ ਸੰਘਰਸ਼ ਲੜਨਗੀਆਂ। ਇਸ ਦੌਰਾਨ ਖਾਪ ਆਗੂ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਦਿੱਲੀ ਆ ਜਾਣ, ਟਰੈਕਟਰਾਂ ਦਾ ਪ੍ਰਬੰਧ ਹੋ ਜਾਵੇਗਾ।


ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸ਼ਾਮ ਤੱਕ ਸਰਕਾਰ ਦੇ ਫੈਸਲੇ ਦਾ ਇੰਤਜ਼ਾਰ ਕੀਤਾ ਜਾਵੇਗਾ। ਇਸ ਮਗਰੋਂ ਖਾਪ ਪੰਚਾਇਤਾਂ ਤੇ ਦਿੱਲੀ ਦੀਆਂ ਕਿਸਾਨ ਜਥੇਬੰਦੀਆਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਕਿਸਾਨਾਂ ਨੂੰ ਵੀ ਅੰਦੋਲਨ ਨਾਲ ਜੋੜਿਆ ਜਾਵੇਗਾ। ਇਸ ਲਈ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਨੀਅਤ 'ਤੇ ਨਿਰਭਰ ਹੈ ਕਿ ਗੱਲਬਾਤ ਸਫਲ ਹੋਵੇਗੀ ਜਾਂ ਨਹੀਂ। 


ਇਹ ਵੀ ਪੜ੍ਹੋ: Viral Video: ਭਾਰਤ ‘ਚ ਅਸ਼ਾਂਤੀ ਫੈਲਾਉਣ ਲਈ ਕਿਸਾਨਾਂ ਦੇ ਵਿਰੋਧ ਦਾ ਫਾਇਦਾ ਚੁੱਕਣ ਦੀ ਪਾਕਿਸਤਾਨ ਦੀ ਸਾਜ਼ਿਸ਼, ਸੁਣੋ ਵਾਇਰਲ ਵੀਡੀਓ


ਹਾਸਲ ਜਾਣਕਾਰੀ ਮੁਤਾਬਕ ਕੁਰੂਕਸ਼ੇਤਰ ਵਿੱਚ ਬ੍ਰਹਮਸਰੋਵਰ ਦੇ ਕੰਢੇ ਅੱਜ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਹਰਿਆਣਾ ਦੀਆਂ ਸਾਰੀਆਂ ਜਥੇਬੰਦੀਆਂ ਇੱਕ ਮੰਚ ’ਤੇ ਇਕੱਠੀਆਂ ਹੋ ਕੇ ਆਪਣੀ ਲੜਾਈ ਲੜਨਗੀਆਂ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਹਰਿਆਣਾ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਇੱਕਜੁੱਟ ਕੀਤਾ ਜਾ ਰਿਹਾ ਹੈ।


ਦਰਅਸਲ ਪੰਜਾਬ ਦੇ ਕਿਸਾਨ ਹਰਿਆਣਾ ਦੇ ਸ਼ੰਭੂ ਤੇ ਖਨੌਰੀ ਸਰਹੱਦਾਂ ਉਪਰ ਬੈਠੇ ਹੋਏ ਹਨ। ਹੁਣ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਵੀ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਆ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਸ਼ਨੀਵਾਰ ਨੂੰ ਹਰਿਆਣਾ ਭਰ ਵਿੱਚ ਟਰੈਕਟਰ ਮਾਰਚ ਕੀਤੇ ਗਏ। ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਐਲਾਨ ਕੀਤਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉੱਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ।


ਇਹ ਵੀ ਪੜ੍ਹੋ: Lok Sabha Election: ...ਤੇ ਹੁਣ ਭਾਜਪਾ ਦੇ ਸੰਪਰਕ 'ਚ ਆਏ ਮਨੀਸ਼ ਤਿਵਾੜੀ ! ਲੁਧਿਆਣਾ ਤੋਂ ਹੋ ਸਕਦੇ ਨੇ ਉਮੀਦਵਾਰ ?


ਸ਼ਨੀਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਸਿਰਸਾ, ਸ਼ਾਹਬਾਦ, ਪਾਣੀਪਤ, ਕੁਰੂਕਸ਼ੇਤਰ ਸਣੇ ਹਰਿਆਣਾ ਦੇ ਵੱਡੀ ਗਿਣਤੀ ਸ਼ਹਿਰਾਂ ਵਿੱਚ ਬਲਾਕ ਪੱਧਰ ’ਤੇ ਟਰੈਕਟਰ ਮਾਰਚ ਕੀਤੇ ਗਏ। ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਕੀਤੀ ਵਾਅਦਾਖ਼ਿਲਾਫ਼ੀ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਤੇ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਟਰੈਕਟਰ ਮਾਰਚ ਵਿੱਚ ਨੌਜਵਾਨਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ।