Haryana News: ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ 'ਚ ਮੋਬਾਈਲ ਇੰਟਰਨੈੱਟ 'ਤੇ ਪਾਬੰਦੀ ਵਧਾ ਦਿੱਤੀ ਗਈ ਹੈ। ਇਹ ਪਾਬੰਦੀ ਹੁਣ 7 ਜ਼ਿਲ੍ਹਿਆਂ ਵਿੱਚ 17 ਫਰਵਰੀ ਤੱਕ ਲਾਗੂ ਰਹੇਗੀ। ਮੋਬਾਈਲ ਇੰਟਰਨੈੱਟ ਦੇ ਨਾਲ-ਨਾਲ ਬਲਕ ਮੈਸੇਜਿੰਗ 'ਤੇ ਵੀ ਪਾਬੰਦੀਆਂ ਲਾਈ ਗਈ ਹੈ।
ਜਿਨ੍ਹਾਂ ਜ਼ਿਲ੍ਹਿਆਂ ਵਿੱਚ ਇਹ ਪਾਬੰਦੀ ਲਾਗੂ ਹੋਵੇਗੀ ਉਨ੍ਹਾਂ ਵਿੱਚ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ ਅਤੇ ਸਿਰਸਾ ਸ਼ਾਮਲ ਹਨ। ਸਰਕਾਰ ਨੇ ਇਸ ਹੁਕਮ ਵਿੱਚ ਇਹ ਜਾਣਕਾਰੀ ਦਿੱਤੀ। 13 ਫਰਵਰੀ ਨੂੰ ਸੂਬਾ ਸਰਕਾਰ ਨੇ ਮੋਬਾਈਲ ਇੰਟਰਨੈੱਟ 'ਤੇ ਪਾਬੰਦੀ ਨੂੰ ਦੋ ਦਿਨਾਂ ਲਈ ਵਧਾ ਦਿੱਤਾ ਸੀ।
ਪੰਜਾਬ ਦੇ ਕੁਝ ਇਲਾਕਿਆਂ ਵਿੱਚ ਇੰਟਰਨੈੱਟ ਬੰਦ
ਉੱਥੇ ਹੀ ਪੰਜਾਬ ਦੇ ਪਟਿਆਲਾ, ਸੰਗਰੂਰ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ ਗ੍ਰਹਿ ਮੰਤਰਾਲੇ ਦੇ ਹੁਕਮਾਂ 'ਤੇ 16 ਫਰਵਰੀ ਤੱਕ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਇਹ ਹੁਕਮ ਕਿਸਾਨਾਂ ਦੇ 'ਦਿੱਲੀ ਚਲੋ' ਮਾਰਚ ਦੇ ਮੱਦੇਨਜ਼ਰ ਦਿੱਤਾ ਗਿਆ ਹੈ।
ਮੰਤਰਾਲੇ ਦੇ ਹੁਕਮਾਂ ਅਨੁਸਾਰ ਪਟਿਆਲਾ ਦੇ ਥਾਣਾ ਸ਼ਤਰਾਣਾ, ਸਮਾਣਾ, ਘਨੌਰ, ਦੇਵੀਗੜ੍ਹ ਅਤੇ ਬਲਬੇੜਾ ਅਧੀਨ ਪੈਂਦੇ ਖੇਤਰਾਂ, ਸੰਗਰੂਰ ਦੇ ਥਾਣਾ ਖਨੌਰੀ, ਮੂਨਕ, ਲਹਿਰਾ, ਸੁਨਾਮ, ਛਾਜਲੀ ਅਧੀਨ ਪੈਂਦੇ ਖੇਤਰਾਂ ਅਤੇ ਫਤਿਹਗੜ੍ਹ ਸਾਹਿਬ ਥਾਣੇ ਅਧੀਨ ਪੈਂਦੇ ਖੇਤਰਾਂ ਵਿੱਚ ਇੰਟਰਨੈੱਟ ਕੁਨੈਕਸ਼ਨ ਅਤੇ ਸੇਵਾਵਾਂ ਮੁਅੱਤਲ ਰਹਿਣਗੀਆਂ।
ਹਰਿਆਣਾ ਦੇ ਸੀਐਮ ਖੱਟਰ ਨੇ ਕੀ ਕਿਹਾ?
ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀਰਵਾਰ (15 ਫਰਵਰੀ) ਨੂੰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਾਉਣ ਦੇ ‘ਤਰੀਕਿਆਂ’ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਹਮਲਾ ਕਰਨ ਜਾ ਰਹੀ ਫ਼ੌਜ ਵਾਂਗ ਦਿੱਲੀ ਵੱਲ ਮਾਰਚ ਕਰਨ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਟਰੈਕਟਰ ਟਰਾਲੀ, ਅਰਥ ਮੂਵਰ ਅਤੇ ਇੱਕ ਸਾਲ ਦਾ ਰਾਸ਼ਨ ਲੈ ਕੇ ਫੌਜ ਵਾਂਗ ਅੱਗੇ ਵੱਧ ਰਹੇ ਹਨ।
ਕਿਸਾਨਾਂ ਦੇ 'ਦਿੱਲੀ ਚੱਲੋ' ਦੇ ਸੱਦੇ 'ਤੇ ਸੀਐਮ ਖੱਟਰ ਨੇ ਕਿਹਾ, 'ਸਾਨੂੰ ਉਨ੍ਹਾਂ ਦੇ ਢੰਗ 'ਤੇ ਇਤਰਾਜ਼ ਹੈ। ਉਨ੍ਹਾਂ ਦੇ ਦਿੱਲੀ ਜਾਣ 'ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕੋਲ ਰੇਲ ਗੱਡੀਆਂ, ਬੱਸਾਂ ਅਤੇ ਆਪਣੇ ਵਾਹਨ ਹਨ। ਪਰ ਟਰੈਕਟਰ ਆਵਾਜਾਈ ਦਾ ਸਾਧਨ ਨਹੀਂ ਹੈ। ਇਹ ਇੱਕ ਖੇਤੀ ਸੰਦ ਹੈ।
ਇਹ ਵੀ ਪੜ੍ਹੋ: Bangkok Pollution: ਬੈਂਕਾਕ ‘ਚ ਪ੍ਰਦੂਸ਼ਣ ਕਾਰਨ ਹਾਲਤ ਖ਼ਰਾਬ, ਸ਼ਹਿਰ ‘ਚ ਲਾਈ ਐਮਰਜੈਂਸੀ