ਨਵੀਂ ਦਿੱਲੀ: ਕੇਂਦਰ ਵੱਲੋਂ ਪਾਸ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਕੀਤੇ ਜਾ ਰਹੇ ਅੰਦੋਲਨ ਵਿਚਕਾਰ ਭਾਰਤੀ ਕਿਸਾਨ ਯੂਨੀਅਨ ਭਾਨੂ ਧੜੇ ਵਿੱਚ ਝਗੜਾ ਹੋਣ ਦੀ ਖ਼ਬਰ ਹੈ। ਸੂਬਾ ਪ੍ਰਧਾਨ ਯੋਗੇਸ਼ ਪ੍ਰਤਾਪ ਨੇ ਕੌਮੀ ਪ੍ਰਧਾਨ ਠਾਕੁਰ ਭਾਨੂ ਪ੍ਰਤਾਪ ਸਿੰਘ ਦੀ ਗੱਲ ਮੰਨਣ ਤੋਂ ਇਨਕਾਰ ਕਰਦੇ ਹੋਏ, ਚਿੱਲਾ ਬਾਰਡਰ 'ਤੇ ਡਟੇ ਰਹਿਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਾਨੂੰਨ ਵਾਪਸੀ ਨਾ ਹੋਣ ਤੱਕ ਉਹ ਧਰਨਾ ਖ਼ਤਮ ਨਹੀਂ ਕਰਨਗੇ। ਕਿਸਾਨ ਖੇਤੀ ਕਾਨੂੰਨਾਂ ਲੈ ਕਿ ਪਿਛਲੇ 17 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ।


ਜ਼ਿਕਰਯੋਗ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਗੱਲਬਾਤ ਤੋਂ ਬਾਅਦ, ਬੀਕੇਯੂ ਭਾਨੂ ਧੜੇ ਨੇ ਸ਼ਨੀਵਾਰ ਦੇਰ ਰਾਤ ਨੂੰ ਨੋਇਡਾ ਦੇ ਸੈਕਟਰ-14 ਏ 'ਤੇ ਸਥਿਤ ਚਿੱਲਾ ਬਾਰਡਰ ਲਈ ਰਾਹ ਖੋਲ੍ਹ ਦਿੱਤਾ, ਜੋ 12 ਦਿਨਾਂ ਤੋਂ ਬੰਦ ਸੀ। ਠਾਕੁਰ ਭਾਨੂ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਮੰਨਣ ਲਈ ਸਰਕਾਰ ਨੂੰ ਦੋ ਦਿਨ ਦਾ ਸਮਾਂ ਦਿੱਤਾ ਹੈ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਿਸਾਨ ਹੋਰ ਫੈਸਲਾ ਲੈਣਗੇ। ਉਸ ਸਮੇਂ ਤੱਕ ਨੋਇਡਾ ਤੋਂ ਦਿੱਲੀ ਲਈ ਰਾਹ ਖੋਲ੍ਹਿਆ ਜਾ ਚੁੱਕਾ ਸੀ।

ਹਾਲਾਂਕਿ, ਇਸ ਦੌਰਾਨ, ਕਿਸਾਨ ਸੜਕ ਤੋਂ ਨਹੀਂ ਹਟਣਗੇ ਤੇ ਸੜਕ ਦੇ ਇੱਕ ਪਾਸੇ ਡਟੇ ਰਹਿਣਗੇ। ਕਿਸਾਨਾਂ ਨੇ ਦੋ ਦਿਨ ਪਹਿਲਾਂ ਨੋਇਡਾ ਤੋਂ ਦਿੱਲੀ ਦਾ ਰਸਤਾ ਖੋਲ੍ਹਿਆ ਸੀ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਸਰਕਾਰ ਨੂੰ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ), ਤਿੰਨ ਕਾਨੂੰਨਾਂ ਤੇ ਕਿਸਾਨ ਨਾਲ ਜੁੜੇ ਸਾਰੇ ਮੁੱਦਿਆਂ ਬਾਰੇ ਵਿਚਾਰ ਵਟਾਂਦਰੇ ਤੇ ਹੱਲ ਕਰਨੇ ਚਾਹੀਦੇ ਹਨ। ਜਦੋਂ ਤੱਕ ਇਹ (ਕਾਨੂੰਨਾਂ) ਵਾਪਸ ਨਹੀਂ ਹੁੰਦੇ, ਕਿਸਾਨ ਇਥੋਂ ਨਹੀਂ ਜਾਣਗੇ।

ਐਤਵਾਰ ਨੂੰ ਬੀਕੇਯੂ ਭਾਨੂ ਧੜੇ ਵਿੱਚ ਆਪਸੀ ਝਗੜੇ ਦਾ ਮਾਮਲਾ ਸਾਹਮਣੇ ਆਇਆ। ਸੂਬਾ ਪ੍ਰਧਾਨ ਯੋਗੇਸ਼ ਪ੍ਰਤਾਪ ਨੇ ਕਾਨੂੰਨ ਵਾਪਸ ਨਾ ਲਏ ਜਾਣ ਤਕ ਇਸ ਧਰਨੇ ਨੂੰ ਖ਼ਤਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਹ ਉਥੇ ਧਰਨੇ 'ਤੇ ਬੈਠ ਗਏ। ਐਤਵਾਰ ਨੂੰ ਦਿੱਲੀ ਸਰਹੱਦ ‘ਤੇ ਕਿਸਾਨ ਅੰਦੋਲਨ ਦਾ 18 ਵਾਂ ਦਿਨ ਹੈ।

ਕਿਸਾਨ ਯੂਨੀਅਨ ਦੀ ਪੰਜਾਬ ਇਕਾਈ ਨੇ ਐਤਵਾਰ ਨੂੰ ਦਿੱਲੀ-ਜੈਪੁਰ ਰਾਸ਼ਟਰੀ ਰਾਜਮਾਰਗ ’ਤੇ ਆਵਾਜਾਈ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ। ਦੂਜੇ ਪਾਸੇ, ਕਿਸਾਨ ਜੱਥੇਬੰਦੀਆਂ ਨੇ 14 ਦਸੰਬਰ ਨੂੰ ਦੇਸ਼ ਭਰ ਦੇ ਜ਼ਿਲ੍ਹਾ ਹੈਡਕੁਆਟਰਾਂ ਵਿੱਚ ਧਰਨੇ ਪ੍ਰਦਰਸ਼ਨ ਤੇ ਮੰਤਰੀਆਂ, ਸੰਸਦ ਮੈਂਬਰਾਂ, ਵਿਧਾਇਕਾਂ ਦੀ ਘੇਰਾਬੰਦੀ ਦੀ ਰਣਨੀਤੀ ਬਣਾਉਣ ਲਈ ਸ਼ੁਰੂਆਤ ਕੀਤੀ ਹੈ।