ਨਵੀਂ ਦਿੱਲੀ: ਸਪਾ ਨੇਤਾ ਤੇ ਰਾਮਪੁਰ ਤੋਂ ਉਮੀਦਵਾਰ ਆਜ਼ਮ ਖ਼ਾਨ ਨੇ ਇੱਕ ਵਾਰ ਫੇਰ ਬੀਜੇਪੀ ਉਮੀਦਵਾਰ ਜਯਾ ਪ੍ਰਦਾ ‘ਤੇ ਵਿਵਾਦਤ ਬਿਆਨ ਦਿੱਤਾ ਹੈ। ਇਸ ਕਾਰਨ ਉਹ ਮੁੜ ਸੁਰਖੀਆਂ ‘ਚ ਆ ਗਏ ਹਨ। ਆਜ਼ਮ ਖਾਨ ਨੇ ਕਿਹਾ ਕਿ ਲੋਕਾਂ ਨੂੰ 17 ਸਾਲ ਵਿੱਚ ਨਹੀਂ ਪਤਾ ਲੱਗਾ ਪਰ ਮੈਂ 17 ਦਿਨਾਂ ਵਿੱਚ ਜਾਣ ਗਿਆ ਕਿ ਉਸ ਦਾ ਅੰਡਰਵੀਅਰ ਖਾਕੀ ਹੈ। ਅਜਿਹਾ ਪਹਿਲੀ ਵਾਰ ਨਹੀਂ ਜਦੋਂ ਆਜ਼ਮ ਖ਼ਾਨ ਨੇ ਜਯਾ ਪ੍ਰਦਾ ‘ਤੇ ਟਿੱਪਣੀ ਕੀਤੀ ਹੋਵੇ। ਇਸ ਬਿਆਨ ਕਰਕੇ ਆਜ਼ਮ ਖਾਨ ਐਫਆਈਆਰ ਦਰਜ ਹੋ ਗਈ ਹੈ।


ਆਜ਼ਮ ਖ਼ਾਨ ਦੇ ਬਿਆਨ ਤੋਂ ਬਾਅਦ ਜਯਾ ਪ੍ਰਦਾ ਨੇ ਕਿਹਾ, “ਉਨ੍ਹਾਂ ਨੂੰ ਚੋਣ ਲੜਣ ਦੀ ਇਜਾਜ਼ਤ ਨਹੀਂ ਮਿਲਣੀ ਚਾਹੀਦੀ। ਜੇਕਰ ਅਜਿਹਾ ਆਦਮੀ ਜਿੱਤ ਗਿਆ ਤਾਂ ਲੋਕਤੰਤਰ ਦਾ ਕੀ ਹੋਵੇਗਾ। ਕੀ ਮੈਨੂੰ ਮਰ ਜਾਣਾ ਚਾਹੀਦਾ ਹੈ। ਫੇਰ ਤੁਸੀਂ ਸੰਤੁਸ਼ਟ ਹੋਵੋਗੇ। ਤੁਸੀਂ ਸੋਚਦੇ ਹੋ ਕਿ ਮੈਂ ਡਰ ਜਾਵਾਂਗੀ ਤੇ ਰਾਮਪੁਰ ਛੱਡ ਦਿਆਂਗੀ ਤਾਂ ਜਾਣ ਲਓ ਮੈਂ ਨਹੀ ਛੱਡਾਂਗੀ।”

ਆਜ਼ਮ ਦੇ ਬਿਆਨ ‘ਤੇ ਹੰਗਾਮਾ ਹੋ ਗਿਆ ਤੇ ਉਸ ਨੇ ਸਫਾਈ ਦਿੰਦੇ ਹੋਏ ਕਿਹਾ ਮੈਂ ਕਿਸੇ ਦਾ ਨਾਂ ਨਹੀਂ ਲਿਆ। ਮਹਿਲਾ ਕਮਿਸ਼ਨ ਵੱਲੋਂ ਆਜ਼ਮ ਖ਼ਾਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ।

ਉਧਰ, ਕਾਂਗਰਸ ਨੇ ਵੀ ਆਜ਼ਮ ਖ਼ਾਨ ਦੀ ਟਿੱਪਣੀ ਦੀ ਨਿੰਦਾ ਕੀਤੀ ਹੈ। ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਇਸ ਬਿਆਨ ‘ਤੇ ਕਾਰਵਾਈ ਲਈ ਮੁਲਾਇਮ ਸਿੰਘ ਯਾਦਵ ਨੂੰ ਟਵੀਟ ਕੀਤਾ ਹੈ।