ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ। ਅੱਜ 29 ਅਪ੍ਰੈਲ ਨੂੰ ਉਨ੍ਹਾਂ ਨੂੰ ਏਮਜ਼ ਦੇ ਟਰੋਮਾ ਸੈਂਟਰ ਤੋਂ ਛੁੱਟੀ ਮਿਲ ਗਈ ਹੈ। ਮਨਮੋਹਨ ਸਿੰਘ ਨੂੰ 19 ਅਪ੍ਰੈਲ ਨੂੰ ਕੋਰੋਨਾ ਪੌਜ਼ੇਟਿਵ ਹੋਣ ਤੋਂ ਬਾਅਦ ਏਮਜ਼ ਦੇ ਟਰੋਮਾ ਸੈਂਟਰ 'ਚ ਭਰਤੀ ਕੀਤਾ ਗਿਆ ਸੀ। ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੂੰ ਕੋਰੋਨਾ ਦੇ ਟੀਕੇ ਕੋਵੈਕਸੀਨ ਦੇ ਦੋ ਡੋਜ਼ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਦੀ ਉਮਰ 88 ਸਾਲ ਹੈ ਤੇ ਉਨ੍ਹਾਂ ਨੂੰ ਸ਼ੂਗਰ ਵੀ ਹੈ।


ਡਾ.ਮਨਮੋਹਨ ਸਿੰਘ ਦੀ ਦੋ ਵਾਰ ਬਾਇਪਾਸ ਸਰਜਰੀ ਹੋ ਚੁੱਕੀ ਹੈ। 1990 ਚ ਉਨ੍ਹਾ ਦੀ ਪਹਿਲੀ ਸਰਜਰੀ ਯੂਕੇ 'ਚ ਹੋਈ ਸੀ ਤੇ 2004 'ਚ ਉਨ੍ਹਾਂ ਦੀ ਐਸਕੌਰਟ ਹਸਪਤਾਲ 'ਚ ਏਜੀਓਪਲਾਸਟੀ ਕੀਤੀ ਗਈ ਸੀ। 2009 'ਚ ਏਮਜ਼ 'ਚ ਉਨ੍ਹਾਂ ਦੀ ਦੂਜੀ ਬਾਇਪਾਸ ਸਰਜਰੀ ਹੋਈ ਸੀ। ਬੁਖਾਰ ਦੇ ਚੱਲਦਿਆਂ ਪਿਛਲੇ ਸਾਲ ਮਈ ਦੇ ਮਹੀਨੇ 'ਚ ਵੀ ਮਨਮੋਹਨ ਸਿੰਘ ਨੂੰ ਹਸਪਤਾਲ 'ਚ ਭਰਤੀ ਹੋਣਾ ਪਿਆ ਸੀ। ਉਦੋਂ ਵੀ ਕੋਰੋਨਾ ਦਾ ਪ੍ਰਕੋਪ ਸਿਖਰ 'ਤੇ ਸੀ।


ਦੇਸ਼ ਦੇ ਲਗਪਗ 150 ਜ਼ਿਲ੍ਹਿਆਂ 'ਚ ਕੋਵਿਡ-19 ਪੌਜ਼ੇਟਿਵਿਟੀ ਦਰ 15 ਫ਼ੀਸਦੀ ਤੋਂ ਵੱਧ ਹੈ ਤੇ ਕੋਰੋਨਾ ਮਹਾਂਮਾਰੀ ਇਨ੍ਹਾਂ ਜ਼ਿਲ੍ਹਿਆਂ ਦੀ ਸਿਹਤ ਪ੍ਰਣਾਲੀ ਉੱਤੇ ਦਬਾਅ ਵਧਾ ਰਹੀ ਹੈ। ਅਜਿਹੀ ਸਥਿਤੀ 'ਚ ਇਨ੍ਹਾਂ ਜ਼ਿਲ੍ਹਿਆਂ 'ਚ ਲੌਕਡਾਊਨ ਲਾਇਆ ਜਾ ਸਕਦਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਉੱਚ ਪੱਧਰੀ ਮੀਟਿੰਗ 'ਚ ਇਨ੍ਹਾਂ ਜ਼ਿਲ੍ਹਿਆਂ ਲਈ ਅਜਿਹੇ ਕਦਮਾਂ ਚੁੱਕਣ ਦੀ ਸਿਫ਼ਾਰਸ਼ ਕੀਤੀ ਗਈ ਸੀ ਪਰ ਕੇਂਦਰ ਅੰਤਮ ਫ਼ੈਸਲਾ ਸੂਬਾ ਸਰਕਾਰਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਹੋਵੇਗਾ। ਮੰਤਰਾਲੇ ਨੇ ਕਿਹਾ ਹੈ ਕਿ ਜ਼ਿਲ੍ਹਿਆਂ 'ਚ ਵੱਧ ਰਹੇ ਕੋਰੋਨਾ ਮਾਮਲੇ ਤੇ ਸਿਹਤ ਪ੍ਰਣਾਲੀ ਦੇ ਪੈ ਰਹੇ ਦਬਾਅ ਕਾਰਨ ਸਖ਼ਤ ਕਦਮ ਚੁੱਕਣ ਦੀ ਤੁਰੰਤ ਲੋੜ ਹੈ।

 

ਲਾਗ ਦੀ ਲੜੀ ਨੂੰ ਤੋੜਨ ਲਈ ਸਖ਼ਤ ਕਦਮ ਜ਼ਰੂਰੀ ਹਨ

 

ਇੱਕ ਸੀਨੀਅਰ ਅਧਿਕਾਰੀ ਅਨੁਸਾਰ, "ਸਾਡੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਅਗਲੇ ਕੁਝ ਹਫ਼ਤਿਆਂ 'ਚ ਲਾਗ ਦੀ ਲੜੀ ਨੂੰ ਤੋੜਨ ਲਈ ਬਹੁਤ ਜ਼ਿਆਦਾ ਪੌਜ਼ੇਟਿਵਿਟੀ ਵਾਲੇ ਜ਼ਿਲ੍ਹਿਆਂ 'ਚ ਤਾਲਾਬੰਦੀ ਵਰਗੇ ਉਪਾਅ ਜ਼ਰੂਰੀ ਹਨ।"