ਰੋਹਤਕ: ਹਰਿਆਣਾ ਦੇ ਰੋਹਤਕ ਜ਼ਿਲ੍ਹੇ 'ਚ ਝੱਜਰ ਚੁੰਗੀ ਸਥਿਤ ਵਿਜੇ ਨਗਰ ਦੀ ਬਾਗ ਵਾਲੀ ਗਲੀ 'ਚ ਵਾਪਰੇ 4 ਕਤਲਾਂ ਦਾ ਭੇਤ ਸੁਲਝ ਗਿਆ ਹੈ। ਪੁੱਤ ਨੇ ਹੀ ਆਪਣੇ ਮਾਪਿਆਂ, ਭੈਣ ਤੇ ਨਾਨੀ ਨੂੰ ਮਾਰਿਆ ਹੈ। ਮੁਲਜ਼ਮ ਅਭਿਸ਼ੇਕ ਉਰਫ਼ ਮੋਨੂੰ (20) ਫਿਲਹਾਲ ਪੁਲਿਸ ਹਿਰਾਸਤ 'ਚ ਹੈ। ਪੁਲਿਸ ਪੁੱਛਗਿੱਛ ਦੌਰਾਨ ਉਸ ਨੇ ਕਤਲ ਦਾ ਭੇਤ ਖੋਲ੍ਹਿਆ।


ਐਸਪੀ ਰਾਹੁਲ ਸ਼ਰਮਾ ਨੇ ਬੁੱਧਵਾਰ ਸਵੇਰੇ 9.30 ਵਜੇ ਪ੍ਰੈੱਸ ਕਾਨਫ਼ਰੰਸ ਕਰਕੇ ਮਾਮਲੇ ਦਾ ਖੁਲਾਸਾ ਕੀਤਾ। ਅਪਰਾਧ ਦੇ ਪਿੱਛੇ ਦਾ ਕਾਰਨ ਜਾਇਦਾਦ ਵਿਵਾਦ ਤੇ ਆਪਸੀ ਝਗੜਾ ਸੀ। ਪੁਲਿਸ ਮੁਤਾਬਕ ਇਹ ਜਾਇਦਾਦ ਭੈਣ ਦੇ ਨਾਂ 'ਤੇ ਸੀ, ਜਿਸ ਕਾਰਨ ਅਭਿਸ਼ੇਕ ਗੁੱਸੇ 'ਚ ਸੀ। ਇਸ ਲਈ ਉਸ ਨੇ ਕਤਲ ਕੀਤਾ। ਚਾਰ ਦਿਨਾਂ ਤਕ ਸ਼ੱਕੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਨੇ ਸੋਮਵਾਰ ਨੂੰ ਮੁੱਖ ਮੁਲਜ਼ਮ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਤੇ ਫਿਰ ਸੱਚਾਈ ਸਾਹਮਣੇ ਆਈ।


ਘਰ ਦੇ ਅੰਦਰ ਵੜ ਕੇ ਮਾਰੀਆਂ ਗੋਲੀਆਂ


ਦੱਸ ਦੇਈਏ ਕਿ 27 ਅਗਸਤ ਦੀ ਦੁਪਹਿਰ ਨੂੰ ਵਿਜੇ ਨਗਰ ਝੱਜਰ ਚੁੰਗੀ ਦੀ ਬਾਗ ਗਲੀ 'ਚ ਰਹਿਣ ਵਾਲੇ ਪ੍ਰਾਪਰਟੀ ਡੀਲਰ ਤੇ ਪੇਸ਼ੇ ਤੋਂ ਪਹਿਲਵਾਨ ਪ੍ਰਦੀਪ ਉਰਫ਼ ਬਬਲੂ, ਉਨ੍ਹਾਂ ਦੀ ਪਤਨੀ ਬਬਲੀ, ਸੱਸ ਰੌਸ਼ਨੀ ਤੇ ਧੀ ਤਮੰਨਾ ਨੂੰ ਘਰ 'ਚ ਵੜ੍ਹ ਕੇ ਗੋਲੀਆਂ ਮਾਰੀਆਂ ਗਈਆਂ ਸਨ।


ਬਬਲੂ, ਬਬਲੀ ਤੇ ਰੌਸ਼ਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਤਮੰਨਾ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਦੂਜੇ ਪਾਸੇ ਕਤਲ ਕੇਸ ਦੇ ਮੁੱਖ ਮੁਲਜ਼ਮ ਅਭਿਸ਼ੇਕ ਉਰਫ਼ ਮੋਨੂੰ ਮ੍ਰਿਤਕ ਬਬਲੂ ਦਾ ਇਕਲੌਤਾ ਪੁੱਤਰ ਹੈ ਤੇ ਜਾਟ ਕਾਲਜ ਦਾ ਬੀਏ ਫਸਟ ਈਅਰ ਦਾ ਵਿਦਿਆਰਥੀ ਹੈ।


ਬਬਲੂ ਦੇ ਬੇਟੇ ਅਭਿਸ਼ੇਕ ਉਰਫ਼਼ ਮੋਨੂੰ ਨੇ ਇਹ ਕਹਾਣੀ ਦੱਸੀ ਸੀ


ਮੈਂ ਆਪਣੇ ਦੋਸਤਾਂ ਨਾਲ ਇਕ ਹੋਟਲ 'ਚ ਖਾਣਾ ਖਾਣ ਗਿਆ ਸੀ। ਜਦੋਂ ਦੁਪਹਿਰ 2 ਵਜੇ ਤੋਂ ਬਾਅਦ ਘਰ ਪਰਤਿਆ ਤਾਂ ਘਰ ਦਾ ਮੁੱਖ ਗੇਟ ਬਗੈਰ ਕੁੰਡੀ ਲਗਾਏ ਬੰਦ ਸੀ। ਜਦੋਂ ਮੈਂ ਹੇਠਾਂ ਕਮਰੇ 'ਚ ਗਿਆ ਤਾਂ ਦਰਵਾਜ਼ਾ ਬੰਦ ਸੀ। ਉਪਰਲੇ ਕਮਰੇ ਦਾ ਦਰਵਾਜ਼ਾ ਵੀ ਬੰਦ ਸੀ। ਮੈਂ ਦੋਵੇਂ ਦਰਵਾਜ਼ੇ ਬਹੁਤ ਜ਼ੋਰ ਨਾਲ ਖੜਕਾਏ। ਮੰਮੀ ਤੇ ਡੈਡੀ ਸਮੇਤ ਘਰ ਦੇ ਹੋਰ ਨੰਬਰਾਂ 'ਤੇ ਵੀ ਫੋਨ ਕੀਤਾ, ਪਰ ਕੋਈ ਜਵਾਬ ਨਹੀਂ ਮਿਲਿਆ। ਮੇਰੇ ਮਨ 'ਚ ਬਹੁਤ ਡਰ ਪੈਦਾ ਹੋ ਗਿਆ।


ਇਸ ਲਈ ਮੈਂ ਸਾਂਪਲਾ ਦੇ ਰਹਿਣ ਵਾਲੇ ਆਪਣੇ ਮਾਮੇ ਨੂੰ ਬੁਲਾਇਆ ਅਤੇ ਸਾਰੀ ਗੱਲ ਦੱਸੀ। ਮਾਮੇ ਨੇ ਦਰਵਾਜ਼ਾ ਤੋੜਨ ਦੀ ਸਲਾਹ ਦਿੱਤੀ। ਜਦੋਂ ਮੈਂ ਕਿਸੇ ਤਰ੍ਹਾਂ ਦਰਵਾਜ਼ੇ ਦਾ ਤਾਲਾ ਤੋੜਿਆ ਤਾਂ ਅੰਦਰ ਖੂਨ ਨਾਲ ਲੱਥਪੱਥ ਪਰਿਵਾਰਕ ਮੈਂਬਰਾਂ ਨੂੰ ਵੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੇਰੀ ਭੈਣ ਜ਼ੋਰ-ਜ਼ੋਰ ਨਾਲ ਸਾਹ ਲੈ ਰਹੀ ਸੀ, ਜਿਸ ਨੂੰ ਉਹ ਤੁਰੰਤ ਪੀਜੀਆਈ ਲੈ ਗਏ।


ਪੁਲਿਸ ਨੂੰ ਬਬਲੂ ਦੇ ਸਾਲੇ ਪ੍ਰਵੀਨ ਵਾਸੀ ਸਾਂਪਲਾ ਨੇ ਮਾਮਲੇ ਦੀ ਲਿਖਤੀ ਸ਼ਿਕਾਇਤ ਦਿੱਤੀ ਸੀ। ਪ੍ਰਵੀਨ ਨੇ ਪੁਲਿਸ ਨੂੰ ਜ਼ੁਬਾਨੀ ਇਹ ਵੀ ਦੱਸਿਆ ਸੀ ਕਿ ਜਦੋਂ ਉਸ ਨੂੰ ਘਟਨਾ ਬਾਰੇ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਘਰ ਤੋਂ ਰੋਹਤਕ ਲਈ ਰਵਾਨਾ ਹੋ ਗਿਆ। ਰਸਤੇ 'ਚ ਇਕ ਸ਼ੱਕੀ ਵਰਨਾ ਕਾਰ ਸਵਾਰਾਂ ਨੇ ਕਾਫ਼ੀ ਦੂਰੀ ਤਕ ਉਸ ਦਾ ਪਿੱਛਾ ਕੀਤਾ। ਉਸ ਦੀ ਕਾਰ 'ਤੇ ਵੀ ਗੋਲੀਆਂ ਚਲਾਈਆਂ ਗਈਆਂ। ਪਰ ਉਹ ਬਹੁਤ ਤੇਜ਼ੀ ਨਾਲ ਗੱਡੀ ਚਲਾਉਂਦੇ ਹੋਏ ਰੋਹਤਕ ਘਟਨਾ ਵਾਲੀ ਥਾਂ 'ਤੇ ਪਹੁੰਚਿਆ।


ਪੁਲਿਸ ਤੇ ਐਫਐਸਐਲ ਟੀਮ ਨੂੰ ਸਾਂਝੀ ਜਾਂਚ ਦੌਰਾਨ ਉਪਰਲੇ ਕਮਰੇ ਵਿੱਚੋਂ 2 ਖਾਲੀ ਖੋਲ੍ਹ ਤੇ ਹੇਠਲੇ ਕਮਰੇ ਵਿੱਚੋਂ 3 ਖਾਲੀ ਖੋਲ੍ਹ ਮਿਲੇ ਹਨ। ਹੇਠਲੇ ਕਮਰੇ 'ਚ ਬਬਲੂ ਮੰਜੇ 'ਤੇ ਪਿਆ ਸੀ ਅਤੇ ਉਹ ਮੋਬਾਈਲ ਫ਼ੋਨ 'ਤੇ ਕਿਸੇ ਨਾਲ ਗੱਲ ਕਰ ਰਿਹਾ ਸੀ, ਜਦੋਂ ਉਸਨੂੰ ਗੋਲੀ ਮਾਰੀ ਗਈ ਸੀ। ਉਸ ਦਾ ਫੋਨ ਉਸਦੇ ਕੰਨ ਅਤੇ ਮੋਢੇ ਦੇ ਵਿਚਕਾਰ ਫਸਿਆ ਹੋਇਆ ਸੀ। ਦੋਵੇਂ ਕਮਰਿਆਂ 'ਚ ਜੁਰਮ ਕਰਨ ਤੋਂ ਬਾਅਦ ਬਦਮਾਸ਼ਾਂ ਨੇ ਕਮਰਿਆਂ ਨੂੰ ਤਾਲਾ ਲਗਾ ਦਿੱਤਾ ਸੀ ਤੇ ਚਾਬੀਆਂ ਆਪਣੇ ਨਾਲ ਲੈ ਗਏ ਸਨ। ਪੁਲਿਸ ਨੇ ਬਬਲੂ ਦੇ ਕਰੀਬੀ ਦੋਸਤ ਤੋਂ ਉਹ ਚਾਬੀ ਵੀ ਬਰਾਮਦ ਕਰ ਲਈ ਹੈ।


ਇਹ ਵੀ ਪੜ੍ਹੋ: Punjab Assembly Election 2022: ਅਕਾਲੀ ਦਲ ਵੱਲੋਂ ਉਮੀਦਵਾਰਾਂ ਦੀ ਨਵੀਂ ਲਿਸਟ ਜਾਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904