ਨਵੀਂ ਦਿੱਲੀ: ਸਾਲ 2019- 20 ਦੀ ਅਪਰੈਲ-ਜੂਨ ਤਿਮਾਹੀ 'ਚ ਦੇਸ਼ ਦੀ ਆਰਥਿਕ ਵਿਕਾਸ ਦਰ (ਜੀਡੀਪੀ ਵਿਕਾਸ ਦਰ) ਘੱਟ ਕੇ ਪੰਜ ਫੀਸਦੀ ਰਹਿ ਗਈ ਹੈ। ਪਿਛਲੇ ਛੇ ਸਾਲਾਂ ਤੋਂ ਵੱਧ ਸਮੇਂ ਵਿੱਚ ਇਹ ਸਭ ਤੋਂ ਹੇਠਲਾ ਪੱਧਰ ਹੈ। ਮੈਨੂਫੈਕਚਰਿੰਗ ਸੈਕਟਰ ਵਿੱਚ ਆਈ ਗਿਰਾਵਟ ਤੇ ਖੇਤੀਬਾੜੀ ਉਤਪਾਦਨ ਵਿੱਚ ਸੁਸਤੀ ਦੇ ਕਾਰਨ ਜੀਡੀਪੀ ਦੇ ਵਾਧੇ ਵਿੱਚ ਇਹ ਗਿਰਾਵਟ ਆਈ ਹੈ। ਕੇਂਦਰੀ ਅੰਕੜਾ ਦਫਤਰ (ਸੀਐਸਓ) ਨੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਅਧਿਕਾਰਿਕ ਅੰਕੜਿਆਂ ਵਿੱਚ ਇਹ ਜਾਣਕਾਰੀ ਦਿੱਤੀ ਹੈ।





ਕਿਸਾਨੀ ਦਾ ਤਾਂ ਮਾੜਾ ਹਾਲ ਹੈ। ਖੇਤੀਬਾੜੀ ਵਿਕਾਸ ਦਰ ਘੱਟ ਕੇ 2 ਫੀਸਦੀ ਹੋ ਗਈ ਹੈ ਜੋ ਪਿਛਲੇ ਸਾਲ 5.1 ਫੀਸਦੀ ਸੀ। ਇਸ ਦੇ ਨਾਲ ਹੀ ਨਿਰਮਾਣ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਸਾਲ ਮੈਨੂਫੈਕਚਰਿੰਗ ਸੈਕਟਰ ਵਿੱਚ ਵਿਕਾਸ ਦਰ 12.1 ਫੀਸਦੀ ਸੀ ਜੋ ਹੁਣ ਘਟ ਕੇ 0.6 ਫੀਸਦੀ 'ਤੇ ਆ ਗਈ ਹੈ।


ਇਸ ਤੋਂ ਪਹਿਲਾਂ ਵਿੱਤੀ ਸਾਲ 2012-13 ਦੀ ਜਨਵਰੀ-ਮਾਰਚ ਦੀ ਮਿਆਦ ਦੌਰਾਨ ਦੇਸ਼ ਦੀ ਆਰਥਿਕ ਵਿਕਾਸ ਦਰ 4.9 ਪ੍ਰਤੀਸ਼ਤ ਦੇ ਹੇਠਲੇ ਪੱਧਰ 'ਤੇ ਸੀ। ਇਕ ਸਾਲ ਪਹਿਲਾਂ 2018-19 ਦੀ ਪਹਿਲੀ ਤਿਮਾਹੀ ਵਿੱਚ ਆਰਥਿਕ ਵਿਕਾਸ ਦਰ 8 ਫੀਸਦੀ ਦੇ ਉੱਚੇ ਪੱਧਰ 'ਤੇ ਸੀ ਜਦਕਿ ਇਸ ਤੋਂ ਪਿਛਲੀ ਤਿਮਾਹੀ, ਯਾਨੀ ਜਨਵਰੀ ਤੋਂ ਮਾਰਚ 2019 ਵਿੱਚ ਵਿਕਾਸ ਦਰ 5.8 ਫੀਸਦੀ ਰਹੀ ਸੀ।


ਆਰਬੀਆਈ ਨੇ ਭਵਿੱਖਬਾਣੀ ਕੀਤੀ ਹੈ ਕਿ ਵਿੱਤੀ ਸਾਲ ਦੇ ਪਹਿਲੇ ਅੱਧ ਵਿੱਚ ਜੀਡੀਪੀ ਵਿਕਾਸ ਦਰ 5.8 ਤੋਂ 6.6 ਫੀਸਦੀ ਤੇ ਦੂਜੇ ਅੱਧ ਵਿੱਚ 7.3 ਤੋਂ 7.5 ਫੀਸਦੀ ਦੇ ਦਾਅਰੇ ਵਿੱਚ ਰਹਿ ਸਕਦੀ ਹੈ। ਅਪਰੈਲ-ਜੂਨ ਦੀ ਮਿਆਦ ਵਿਚ ਚੀਨ ਦੀ ਆਰਥਿਕ ਵਿਕਾਸ ਦਰ 6.2 ਪ੍ਰਤੀਸ਼ਤ ਰਹੀ, ਜੋ ਪਿਛਲੇ 27 ਸਾਲਾਂ ਵਿੱਚ ਸਭ ਤੋਂ ਘੱਟ ਸੀ।