Corona vaccine: ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ 96 ਦੇਸ਼ ਭਾਰਤ ਦੇ ਕੋਵਿਡ-19 ਟੀਕਾਕਰਨ ਸਰਟੀਫਿਕੇਟ ਨੂੰ ਮਾਨਤਾ ਦੇਣ ਲਈ ਸਹਿਮਤ ਹੋ ਗਏ ਹਨ। ਮਾਂਡਵੀਆ ਨੇ ਬਿਆਨ 'ਚ ਕਿਹਾ ਕਿ ਭਾਰਤ ਸਰਕਾਰ ਦੁਨੀਆਂ ਦੇ ਸਭ ਤੋਂ ਵੱਡੇ ਕੋਵਿਡ-19 ਟੀਕਾਕਰਨ ਪ੍ਰੋਗਰਾਮ ਦੇ ਲਾਭਪਾਤਰੀਆਂ ਨੂੰ ਮਨਜ਼ੂਰੀ ਤੇ ਮਾਨਤਾ ਦੇਣ ਲਈ ਬਾਕੀ ਦੁਨੀਆ ਦੇ ਸੰਪਰਕ 'ਚ ਹੈ ਤਾਂ ਜੋ ਉਹ ਸਿੱਖਿਆ, ਵਪਾਰ ਤੇ ਸੈਰ-ਸਪਾਟੇ ਦੇ ਉਦੇਸ਼ ਨਾਲ ਯਾਤਰਾ ਕਰ ਸਕਣ।



ਸਿਹਤ ਮੰਤਰੀ ਨੇ ਕਿਹਾ, "ਇਸ ਸਮੇਂ 96 ਦੇਸ਼ ਟੀਕਾਕਰਨ ਸਰਟੀਫਿਕੇਟਾਂ ਦੀ ਆਪਸੀ ਮਾਨਤਾ ਲਈ ਸਹਿਮਤ ਹੋਏ ਹਨ।" ਮੰਤਰਾਲੇ ਨੇ ਕਿਹਾ ਕਿ 20 ਅਕਤੂਬਰ 2021 ਨੂੰ ਕੌਮਾਂਤਰੀ ਆਗਮਨ ਦੇ ਮੱਦੇਨਜ਼ਰ ਜਾਰੀ ਕੇਂਦਰੀ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਨ੍ਹਾਂ ਦੇਸ਼ਾਂ ਤੋਂ ਲਗਾਤਾਰ ਯਾਤਰਾ ਕਰਨ ਵਾਲੇ ਲੋਕਾਂ ਨੂੰ ਕੁਝ ਛੋਟ ਦਿੱਤੀ ਗਈ ਹੈ। ਮੰਤਰਾਲੇ ਦੇ ਅਨੁਸਾਰ ਜੋ ਲੋਕ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹਨ, ਉਹ ਕੌਮਾਂਤਰੀ ਯਾਤਰਾ ਟੀਕਾਕਰਨ ਸਰਟੀਫ਼ਿਕੇਟ ਕੋ-ਵਿਨ ਪੋਰਟਲ ਤੋਂ ਵੀ ਡਾਊਨਲੋਡ ਕਰ ਸਕਦੇ ਹਨ।

 









 

ਜਿਨ੍ਹਾਂ 96 ਦੇਸ਼ਾਂ ਨੇ ਵੈਕਸੀਨੇਸ਼ਨ ਸਰਟੀਫਿਕੇਟਾਂ ਨੂੰ ਆਪਸੀ ਮਾਨਤਾ ਦੇਣ ਲਈ ਸਹਿਮਤੀ ਦਿੱਤੀ ਹੈ, ਉਨ੍ਹਾਂ 'ਚ ਕੈਨੇਡਾ, ਅਮਰੀਕਾ, ਯੂਕੇ, ਫ਼ਰਾਂਸ, ਜਰਮਨੀ, ਬੈਲਜੀਅਮ, ਆਇਰਲੈਂਡ, ਨੀਦਰਲੈਂਡ, ਸਪੇਨ, ਬੰਗਲਾਦੇਸ਼, ਫਿਨਲੈਂਡ, ਮਾਲੀ, ਘਾਨਾ, ਸੀਅਰਾ ਲਿਓਨ, ਨਾਈਜ਼ੀਰੀਆ, ਸਰਬੀਆ, ਪੋਲੈਂਡ, ਸਲੋਵਾਕ ਗਣਰਾਜ, ਕ੍ਰੋਏਸ਼ੀਆ, ਬੁਲਗਾਰੀਆ, ਤੁਰਕੀ, ਚੈੱਕ ਗਣਰਾਜ, ਸਵਿਟਜ਼ਰਲੈਂਡ, ਸਵੀਡਨ, ਆਸਟਰੀਆ, ਰੂਸ, ਕੁਵੈਤ, ਸੰਯੁਕਤ ਅਰਬ ਅਮੀਰਾਤ, ਬਹਿਰੀਨ, ਕਤਰ ਆਦਿ ਸ਼ਾਮਲ ਹਨ।

ਦੁਨੀਆਂ ਦੇ ਬਾਕੀ ਦੇਸ਼ਾਂ 'ਚ ਦੋਵਾਂ ਦੇਸੀ ਵੈਕਸੀਨਾਂ ਨੂੰ ਮਾਨਤਾ ਦਿਵਾਉਣ ਲਈ ਸਿਹਤ ਅਤੇ ਵਿਦੇਸ਼ੀ ਮਾਮਲਿਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਪੂਰੀ ਦੁਨੀਆਂ ਦੇ ਸਭ ਤੋਂ ਵੱਡੇ ਟੀਕਾਕਰਨ ਪ੍ਰੋਗਰਾਮ ਤਹਿਤ ਹੁਣ ਸਰਕਾਰ ਨੇ 'ਹਰ ਘਰ ਦਸਤਕ' ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਤਹਿਤ ਸਿਹਤ ਕਰਮਚਾਰੀ ਘਰ-ਘਰ ਜਾ ਕੇ ਲੋਕਾਂ ਨੂੰ ਟੀਕਾਕਰਨ ਕਰ ਰਹੇ ਹਨ।

ਹੁਣ ਤਕ ਦੇਸ਼ 'ਚ 109 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ - ਪਹਿਲੀ ਖੁਰਾਕ - 74, 21,62,940 ਜਦਕਿ ਦੂਜੀ ਖੁਰਾਕ 34,86,53,416 ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ। ਦੇਸ਼ ਨੂੰ ਉਮੀਦ ਹੈ ਕਿ ਹਰ ਘਰ ਦਸਤਕ ਪ੍ਰੋਗਰਾਮ ਟੀਕਾਕਰਨ 'ਚ ਤੇਜ਼ੀ ਲਿਆਵੇਗਾ ਅਤੇ ਜਲਦੀ ਹੀ ਪੂਰੇ ਦੇਸ਼ ਨੂੰ ਟੀਕਾ ਮਿਲ ਜਾਵੇਗਾ।