ਕੇਂਦਰ ਸਰਕਾਰ ਨੇ ਭਾਰਤ 'ਚ ਕੋਰੋਨਾ ਵਾਇਰਸ ਲਈ ਇੰਡੀਅਨ ਵੇਰੀਐਂਟ ਸ਼ਬਦ ਦੇ ਇਸਤੇਮਾਲ ਨੂੰ ਲੈਕੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਸਖਤ ਹਕਮ ਜਾਰੀ ਕੀਤੇ ਹਨ। ਇਲੈਕਟ੍ਰੌਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਇਨ੍ਹਾਂ ਕੰਪਨੀਆਂ ਨੂੰ ਲਿਖਤੀ ਐਡਵਾਇਜ਼ਰੀ ਜਾਰੀ ਕਰਦਿਆਂ  ਕਿਹਾ ਆਪਣੇ ਪਲੇਟਫੈਰਮਸ ਤੋਂ ਅਜਿਹੇ ਕੰਟੈਂਟ ਨੂੰ ਹਟਾਇਆ ਜਾਵੇ ਜਿਸ 'ਚ ਕੋਰੋਨਾ ਵਾਇਰਸ ਲਈ ਇੰਡੀਅਨ ਵੇਰੀਐਂਟ ਜਿਹੇ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੋਵੇ। ਸਰਕਾਰ ਦਾ ਕਹਿਣਾ ਹੈ ਕਿ 'ਇੰਡੀਅਨ ਵੇਰੀਐਂਟ' ਜਿਹੇ ਸ਼ਬਦ ਦੇ ਇਸਤੇਮਾਲ ਨਾਲ ਗਲਤ ਸੂਚਨਾ ਦਾ ਪ੍ਰਸਾਰ ਹੁੰਦਾ ਹੈ ਤੇ ਨਾਲ ਹੀ ਦੇਸ਼ ਦੀ ਛਵੀ ਖਰਾਬ ਹੁੰਦੀ ਹੈ।


ਕੇਂਦਰ ਸਰਕਾਰ ਨੇ ਆਪਣੀ ਐਡਵਾਇਜ਼ਰੀ 'ਚ ਇਹ ਸਪਸ਼ਟ ਕੀਤਾ ਹੈ ਕਿ ਇਸ ਤਰ੍ਹਾਂ ਦੇ ਸ਼ਬਦ ਦਾ ਇਸਤੇਮਾਲ ਪੂਰੀ ਤਰ੍ਹਾਂ ਗਲਤ ਹੈ। ਵਿਸ਼ਵ ਸਿਹਤ ਸੰਗਠਨ ਨੇ ਵੀ ਆਪਣੀ ਕਿਸੇ ਰਿਪੋਰਟ 'ਚ ਭਾਰਤ 'ਚ ਮਿਲੇ ਕੋਰੋਨਾ ਵਾਇਰਸ ਦੇ B.1.617 ਵੇਰੀਏਂਟ ਲਈ ਇੰਡੀਅਨ ਵੇਰੀਏਂਟ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ।


WHO ਨੇ 11 ਮਈ ਨੂੰ ਕਿਹਾ ਸੀ ਕਿ ਪਿਛਲੇ ਸਾਲ ਭਾਰਤ 'ਚ ਪਹਿਲੀ ਵਾਰ ਪਾਇਆ ਗਿਆ ਕੋਰੋਨਾ ਵਾਇਰਸ ਦਾ B.1.617 ਵੇਰੀਏਂਟ ਕੌਮਾਂਤਰੀ ਚਿੰਤਾ ਦਾ ਵਿਸ਼ਾ ਹੈ। ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਕ ਬਿਆਨ ਜਾਰੀ ਕਰਦਿਆਂ ਇਹ ਸਪਸ਼ਟ ਕੀਤਾ ਸੀ ਕਿ ਮੀਡੀਆ ਰਿਪੋਰਟਾਂ ਬਿਨਾਂ ਕਿਸੇ ਆਧਾਰ ਦੇ ਇੰਡੀਅਨ ਵੇਰੀਏਂਟ ਸ਼ਬਦ ਦਾ ਇਸਤੇਮਾਲ ਕਰ ਰਹੀਆਂ ਹਨ। 


ਸੌਖਾ ਨਹੀਂ ਹੋਵੇਗਾ ਕੰਟੈਂਟ ਹਟਾਉਣਾ


ਸੋਸ਼ਲ ਮੀਡੀਆ ਕੰਪਨੀ ਨਾਲ ਜੁੜੇ ਇਕ ਅਧਿਕਾਰੀ ਦੇ ਮੁਤਾਬਕ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਅਜਿਹੀਆਂ ਅਣਗਿਣਤ ਪੋਸਟਾਂ ਹੋਣਗੀਆਂ। ਜਿੰਨ੍ਹਾਂ 'ਚ ਇੰਡੀਅਨ ਵੇਰੀਏਂਟ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੋਵੇ। ਇਸ ਲਈ ਅਜਿਹਾ ਕੰਟੈਂਟ ਹਟਾਉਣਾ ਸੌਖਾ ਨਹੀਂ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, 'ਸਰਕਾਰ ਦੇ ਇਸ ਤਰ੍ਹਾਂ ਦੇ ਫੈਸਲੇ ਨਾਲ ਕੀਵਰਡ ਆਧਾਰਤ ਸੈਂਸਰਸ਼ਿਪ ਨੂੰ ਬੜਾਵਾ ਮਿਲ ਸਕਦਾ ਹੈ।'


44 ਦੇਸ਼ਾਂ ਚ ਫੈਲ ਚੁੱਕਾ ਹੈ B.1.617


WHO ਨੇ ਭਾਰਤ 'ਚ ਪਹਿਲੀ ਵਾਰ ਪਾਏ ਗਏ ਇਸ ਵੇਰੀਏਂਟ 'ਤੇ ਚਿੰਤਾ ਜਤਾਉਂਦਿਆਂ ਕਿਹਾ ਸੀ ਕਿ ਇਹ ਦੁਨੀਆਂ ਦੇ 44 ਦੇਸ਼ਾਂ 'ਚ ਪਹੁੰਚ ਗਿਆ ਹੈ। ਸੰਗਠਨ ਦੇ ਮੁਤਾਬਕ B.1.617 ਵੇਰੀਏਂਟ ਵਾਇਰਸ ਦੇ ਮੂਲ ਸਟ੍ਰੇਨ ਦੇ ਮੁਕਾਬਲੇ ਜ਼ਿਆਦਾ ਸੌਖਾ ਤੇ ਤੇਜ਼ੀ ਨਾਲ ਫੈਲਦਾ ਹੈ ਤੇ ਇਹੀ ਕਾਰਨ ਹੈ ਕਿ ਭਾਰਤ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਸੰਖਿਆਂ ਤੇਜ਼ੀ ਨਾਲ ਵਧ ਰਹੀ ਹੈ। ਹਾਲਾਂਕਿ WHO ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਸੀ ਕਿ ਇਸ ਵੇਰੀਏਂਟ ਦੇ ਪ੍ਰਭਾਵ ਨੂੰ ਵੈਕਸੀਨੇਸ਼ਨ ਨਾਲ ਘਟਾਇਆ ਜਾ ਸਕਦਾ ਹੈ।