Gujarat Drugs Case : ਗੁਜਰਾਤ ਪੁਲਿਸ ਨੇ ਇੰਟਰਨੈਸ਼ਨਲ ਡਰੱਗ ਨੈੱਟਵਰਕ ਦੇ ਖਿਲਾਫ਼ ਸਭ ਤੋਂ ਵੱਡੀ ਮੁਹਿੰਮ ਛੇੜੀ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਅੰਤਰਰਾਸ਼ਟਰੀ ਸਮੁੰਦਰੀ ਸਰਹੱਦ ਲਾਈਨ (IMBL) 'ਤੇ ਗੁਜਰਾਤ ATS ਕੋਸਟ ਗਾਰਡ ਦੇ ਨਾਲ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਗੁਜਰਾਤ ਪੁਲਿਸ ਨੇ ਪਿਛਲੇ 6 ਮਹੀਨਿਆਂ ਵਿੱਚ ਐਨਡੀਪੀਐਸ ਐਕਟ ਤਹਿਤ 422 ਕੇਸ ਦਰਜ ਕੀਤੇ ਹਨ ਅਤੇ ਕਰੀਬ 667 ਡਰੱਗ ਮਾਫੀਆ ਨੂੰ ਗ੍ਰਿਫਤਾਰ ਕੀਤਾ ਹੈ।



ਇਸ ਦੌਰਾਨ 25 ਹਜ਼ਾਰ 699 ਕਿਲੋ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ ਹੈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 5 ਹਜ਼ਾਰ ਕਰੋੜ ਰੁਪਏ ਹੈ। ਭਾਰਤ ਦੇ ਦੁਸ਼ਮਣਾਂ ਵੱਲੋਂ ਨਸ਼ੇ ਨੂੰ ਭਾਰਤੀ ਸਰਹੱਦ ਵਿੱਚ ਲਿਆਉਣ ਤੋਂ ਪਹਿਲਾਂ ਹੀ ਸਮੁੰਦਰ ਦੇ ਵਿਚਕਾਰੋਂ ਰੰਗੇ ਹੱਥੀਂ ਫੜਿਆ ਜਾ ਰਿਹਾ ਹੈ। ਇਸ ਦੌਰਾਨ ਕਈ ਵਾਰ ਸਮੁੰਦਰ 'ਚ ਹੀ ਗੋਲੀਬਾਰੀ ਹੋ ਚੁੱਕੀ ਹੈ।

ਗੁਜਰਾਤ ਏਟੀਐਸ ਕੋਸਟ ਗਾਰਡ ਦੇ ਨਾਲ-ਨਾਲ ਪੁਲਿਸ ਅਤੇ ਹੋਰ ਕੇਂਦਰੀ ਏਜੰਸੀਆਂ ਡਰੱਗ ਮਾਫੀਆ ਖਿਲਾਫ ਲਗਾਤਾਰ ਕਾਰਵਾਈ ਕਰ ਰਹੀਆਂ ਹਨ। ਰਾਤ ਦੇ ਹਨੇਰੇ 'ਚ ਵੀ ਸਮੁੰਦਰ ਦੇ ਵਿਚਕਾਰ ਆਪ੍ਰੇਸ਼ਨ ਕੀਤਾ ਗਿਆ ਹੈ। ਹੁਣ ਤੱਕ ਅਜਿਹੇ ਕੁੱਲ 10 ਆਪਰੇਸ਼ਨ ਕੀਤੇ ਜਾ ਚੁੱਕੇ ਹਨ। ਇਸ ਦੌਰਾਨ ਕਰਾਚੀ ਦੇ ਸਭ ਤੋਂ ਵੱਡੇ ਡਰੱਗ ਮਾਫੀਆ ਦੇ ਪੁੱਤਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਸੁਰੱਖਿਆ ਬਲ ਸਪੱਸ਼ਟ ਤੌਰ 'ਤੇ ਮੰਨ ਰਹੇ ਹਨ ਕਿ ਪਾਕਿਸਤਾਨ ਸਾਡੇ ਦੇਸ਼ ਦੀ ਜਵਾਨੀ ਨੂੰ ਤਬਾਹ ਕਰਨਾ ਚਾਹੁੰਦਾ ਹੈ, ਇਸੇ ਲਈ ਇੰਨੇ ਵੱਡੇ ਪੱਧਰ 'ਤੇ ਨਸ਼ੇ ਭੇਜੇ ਜਾ ਰਹੇ ਹਨ।

ਪਹਿਲਾਂ ਉਹ ਪੰਜਾਬ ਰਾਹੀਂ, ਫਿਰ ਦੱਖਣ ਰਾਹੀਂ ਅਤੇ ਹੁਣ ਗੁਜਰਾਤ ਰਾਹੀਂ ਨਸ਼ੇ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਲੋਕ ਬੜੀ ਚਲਾਕੀ ਨਾਲ ਨਸ਼ਾ ਲੈ ਕੇ ਆਉਂਦੇ ਹਨ। ਕਿਹਾ ਜਾਂਦਾ ਹੈ ਕਿ ਕੱਪੜਾ ਆ ਰਿਹਾ ਹੈ  ਅਤੇ ਉਨ੍ਹਾਂ ਕੱਪੜਿਆਂ ਦੀ ਤਹਿ ਅੰਦਰ ਡਰੱਗ ਭਰਿਆ ਜਾਂਦਾ ਹੈ। ਧਾਗੇ ਦੀਆਂ ਬੋਰੀਆਂ ਅੰਦਰੋਂ ਵੀ ਡਰੱਗ ਮਿਲਿਆ ਹੈ। ਇਕ ਆਡੀਓ ਵੀ ਸਾਹਮਣੇ ਆਈ ਹੈ ,ਜਿਸ ਵਿਚ ਇਕ ਡਰੱਗ ਮਾਫੀਆ ਦੂਜੇ ਨੂੰ ਦੱਸ ਰਿਹਾ ਹੈ ਕਿ ਗੁਜਰਾਤ ਰਾਹੀਂ ਭਾਰਤ ਵਿਚ ਡਰੱਗ ਭੇਜਣਾ ਮੁਸ਼ਕਲ ਹੈ।