Happy Raksha Bandhan 2024 Wishes: ਅੱਜ ਦੇਸ਼ ਭਰ 'ਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ 'ਤੇ ਦੇਸ਼ ਦੇ ਕਈ ਵੱਡੇ ਨੇਤਾਵਾਂ ਨੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਰਾਸ਼ਟਰਪਤੀ ਤੋਂ ਲੈ ਕੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਰੱਖੜੀ 'ਤੇ ਲੋਕਾਂ ਨੂੰ ਖਾਸ ਸੰਦੇਸ਼ ਦਿੰਦਿਆਂ ਹੋਇਆਂ ਮੁਬਾਰਕਾਂ ਦਿੱਤੀਆਂ।
ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪ੍ਰਿਅੰਕਾ ਗਾਂਧੀ ਨਾਲ ਆਪਣੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, “ਭੈਣ-ਭਰਾ ਵਿਚਾਲੇ ਅਟੁੱਟ ਪਿਆਰ ਅਤੇ ਸਨੇਹ ਦੇ ਤਿਉਹਾਰ ਰੱਖੜੀ 'ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਸਾਰੀਆਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ। ਇਹ ਸੁਰੱਖਿਆ ਦਾ ਧਾਗਾ ਤੁਹਾਡੇ ਪਵਿੱਤਰ ਰਿਸ਼ਤੇ ਨੂੰ ਹਮੇਸ਼ਾ ਮਜ਼ਬੂਤੀ ਨਾਲ ਜੋੜੀ ਰੱਖੇ।
ਉੱਥੇ ਹੀ ਪ੍ਰਿਅੰਕਾ ਗਾਂਧੀ ਨੇ ਵੀ ਰਾਹੁਲ ਗਾਂਧੀ ਨਾਲ ਆਪਣੀਆਂ ਪੁਰਾਣੀਆਂ ਤਸਵੀਰਾਂ ਐਕਸ 'ਤੇ ਸ਼ੇਅਰ ਕਰਦਿਆਂ ਹੋਇਆਂ ਲਿਖਿਆ, “ਭੈਣ-ਭਰਾ ਦਾ ਰਿਸ਼ਤਾ ਉਸ ਫੁੱਲ ਵਰਗਾ ਹੁੰਦਾ ਹੈ, ਜਿਸ ਵਿਚ ਸਤਿਕਾਰ, ਪਿਆਰ ਅਤੇ ਆਪਸੀ ਸਮਝਦਾਰੀ, ਵੱਖ-ਵੱਖ ਰੰਗਾਂ ਵਾਲੀਆਂ ਯਾਦਾਂ, ਮਿਲਜੁਲ ਕੇ ਰਹਿਣ ਦੀਆਂ ਕਿੱਸੇ-ਕਹਾਣੀਆਂ ਅਤੇ ਦੋਸਤੀ ਨੂੰ ਹੋਰ ਗੂੜ੍ਹਾ ਕਰਨ ਦਾ ਸੰਕਲਪ ਹੁੰਦਾ ਹੈ। ਭੈਣ-ਭਰਾ ਸੰਘਰਸ਼ ਦੇ ਸਾਥੀ ਹੁੰਦੇ ਹਨ, ਯਾਦਾਂ ਦੇ ਸਾਥੀ ਹਨ ਅਤੇ ਸੰਗਵਾਰੀ ਦੇ ਪੈਰੋਕਾਰ ਵੀ ਹਨ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਇਸ ਖਾਸ ਮੌਕੇ 'ਤੇ ਦੇਸ਼ ਵਾਸੀਆਂ ਨੂੰ ਸੰਦੇਸ਼ ਦਿੱਤਾ। ਉਨ੍ਹਾਂ ਲਿਖਿਆ, "ਰੱਖੜੀ ਦੇ ਸ਼ੁਭ ਮੌਕੇ 'ਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੰਦੀ ਹਾਂ। ਭੈਣ-ਭਰਾ ਵਿਚਕਾਰ ਪਿਆਰ ਅਤੇ ਆਪਸੀ ਵਿਸ਼ਵਾਸ ਦੀ ਭਾਵਨਾ 'ਤੇ ਆਧਾਰਿਤ ਇਹ ਤਿਉਹਾਰ ਸਾਰੀਆਂ ਭੈਣਾਂ ਅਤੇ ਧੀਆਂ ਪ੍ਰਤੀ ਸਨੇਹ ਅਤੇ ਸਤਿਕਾਰ ਦੀ ਭਾਵਨਾ ਦਾ ਸੰਚਾਰ ਕਰਦਾ ਹੈ। ਇਸ ਤਿਉਹਾਰ ਵਾਲੇ ਦਿਨ, ਮੈਂ ਚਾਹਾਂਗੀ ਕਿ ਸਾਰੇ ਦੇਸ਼ ਵਾਸੀ ਸਾਡੇ ਸਮਾਜ ਵਿੱਚ ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਦਾ ਪ੍ਰਣ ਲੈਣ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ 'ਤੇ ਪੋਸਟ ਕੀਤਾ, ਭੈਣ-ਭਰਾ ਵਿਚਕਾਰ ਅਥਾਹ ਪਿਆਰ ਦੇ ਪ੍ਰਤੀਕ ਤਿਉਹਾਰ ਰੱਖੜੀ 'ਤੇ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਇਹ ਪਵਿੱਤਰ ਤਿਉਹਾਰ ਤੁਹਾਡੇ ਰਿਸ਼ਤਿਆਂ ਵਿੱਚ ਨਵੀਂ ਮਿਠਾਸ ਲੈ ਕੇ ਆਵੇ ਅਤੇ ਤੁਹਾਡੇ ਜੀਵਨ ਵਿੱਚ ਖੁਸ਼ੀਆਂ, ਲੈ ਕੇ ਆਵੇ।