ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਚੁਣੇ ਗਏ ਹਨ। ਇਸ ਤੋਂ ਇਲਾਵਾ ਹਰਵਿੰਦਰ ਸਿੰਘ ਕੇਪੀ ਨੂੰ ਸੀਨੀਅਰ ਮੀਤ ਪ੍ਰਧਾਨ, ਆਤਮਾ ਸਿੰਘ ਲੁਬਾਨਾ ਨੂੰ ਮੀਤ ਪ੍ਰਧਾਨ, ਜਗਦੀਪ ਸਿੰਘ ਕਾਹਲੋਂ ਨੂੰ ਜਨਰਲ ਸਕੱਤਰ ਤੇ ਜਸਮੀਨ ਸਿੰਘ ਨੋਨੀ ਨੂੰ ਜੁਆਇੰਟ ਸੈਕਟਰੀ ਚੁਣਿਆ ਗਿਆ ਹੈ।



ਇਸ ਤੋਂ ਇਲਾਵਾ ਵਿਰਰਮ ਸਿੰਘ ਰੋਹਿਨੀ, ਭੁਪਿੰਦਰ ਸਿੰਘ ਭੁੱਲਰ, ਅਮਰਜੀਤ ਸਿੰਘ ਪਿੰਕੀ, ਅਮਰਜੀਤ ਸਿੰਘ ਫਤਹਿ ਨਗਰ, ਬੀਬੀ ਰਣਜੀਤ ਕੌਰ, ਸੁਖਜੀਤ ਸਿੰਘ ਜੀਤੀ, ਗੁਰਮੀਤ ਸਿੰਘ ਭਾਟਿਆ, ਸਰਬਜੀਤ ਸਿੰਘ ਵਿਰਕ, ਜਸਬੀਰ ਸਿੰਘ ਜੱਸੀ ਤੇ ਬਲਬੀਰ ਸਿੰਘ ਨੂੰ ਐਗਜੈਕਟਿਵ ਮੈਂਬਰ ਬਣਾਇਆ ਗਿਆ ਹੈ।


ਦੱਸ ਦਈਏ ਕਿ ਸ਼ਨੀਵਾਰ ਨੂੰ ਦਿੱਲੀ ਕਮੇਟੀ ਦੇ ਗਵਰਨਿੰਗ ਹਾਊਸ ਦੀ ਚੋਣ ਪ੍ਰਕਿਰਿਆ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨੂੰ ਸੀਆਰਪੀਐਫ਼ ਸੱਦਣੀ ਪਈ। 1999 ਮਗਰੋਂ ਇਹ ਦੂਜੀ ਵਾਰ ਹੈ ਕਿ ਚੋਣ ਪ੍ਰਕਿਰਿਆ ਦੌਰਾਨ ਸੁਰੱਖਿਆ ਬਲ ਮੰਗਵਾਉਣਾ ਪਿਆ ਹੋਵੇ। 


ਪਹਿਲਾਂ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਦੀ ਨਿਗਰਾਨੀ ਹੇਠ ਚੋਣ ਅਮਲ ਸ਼ੁਰੂ ਹੋਇਆ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਮੇਟੀ ਦੇ ਨਵੇਂ ਪ੍ਰਧਾਨ ਲਈ ਹਰਮੀਤ ਸਿੰਘ ਕਾਲਕਾ ਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵੱਲੋਂ ਪਰਮਜੀਤ ਸਿੰਘ ਸਰਨਾ ਦਾ ਨਾਂ ਪੇਸ਼ ਕੀਤਾ ਗਿਆ। ਹਾਲੇ ਸਿਰਫ਼ ਦੋ ਵੋਟਾਂ ਹੀ ਪਈਆਂ ਸਨ ਕਿ ਸੁਖਬੀਰ ਸਿੰਘ ਕਾਲੜਾ ’ਤੇ ਵੋਟ ਪਾਉਣ ਵਾਲੀ ਪਰਚੀ ਦਿਖਾਉਣ ਦੇ ਦੋਸ਼ ਲਾਉਂਦਿਆਂ ਉੱਥੇ ਹੰਗਾਮਾ ਮੱਚ ਗਿਆ। 


ਸਰਨਾ ਧੜੇ ਵਿੱਚੋਂ ਬਾਦਲ ਧੜੇ ਵਿੱਚ ਆਏ ਸੁਖਬੀਰ ਸਿੰਘ ਕਾਲੜਾ ’ਤੇ ਸਰਨਾ ਧੜੇ ਵੱਲੋਂ ਆਪਣੀ ਵੋਟ ਪਾਉਣ ਵਾਲੀ ਪਰਚੀ ਦਿਖਾਉਣ ਦਾ ਦੋਸ਼ ਲਗਾਇਆ ਗਿਆ। ਸਰਨਾ ਧੜੇ ਵੱਲੋਂ ਉਕਤ ਵੋਟ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਗਈ। ਇਸ ਗੱਲ ’ਤੇ ਦੋਵੇਂ ਧਿਰਾਂ ਵਿੱਚ ਤਕਰਾਰ ਸ਼ੁਰੂ ਹੋ ਗਈ। ਇਸ ਮਗਰੋਂ ਮੈਂਬਰ ਤੇਜਿੰਦਰ ਸਿੰਘ ਗੋਪਾ ਨੇ ਕਾਨਫਰੰਸ ਹਾਲ ’ਚੋਂ ਬਾਹਰ ਆ ਕੇ ਮੰਗ ਕੀਤੀ ਕਿ ਕਾਲੜਾ ਦੀ ਵੋਟ ਰੱਦ ਕੀਤੀ ਜਾਵੇ ਤੇ ਬਾਕੀ 49 ਵੋਟਾਂ ਗੁਪਤ ਢੰਗ ਨਾਲ ਪਵਾਉਣੀਆਂ ਯਕੀਨੀ ਬਣਾਈਆਂ ਜਾਣ।