ਚੰਡੀਗੜ੍ਹ: ਹਰਿਆਣਾ ਦੇ ਝੱਜਰ ਦੇ ਪਿੰਡ ਸਿਲਾਨਾ ਵਿੱਚ ਕਾਂਗਰਸ ਨੂੰ ਵੋਟ ਪਾਉਣ ਲਈ ਭਰਾ ਨੇ ਹੀ ਭਰਾ ਨੂੰ ਸ਼ਰ੍ਹੇਆਮ ਗੋਲ਼ੀ ਮਾਰ ਦਿੱਤੀ ਜਿਸ ਨਾਲ ਨੌਜਵਾਨ ਤੇ ਉਸ ਦੀ ਮਾਂ ਜ਼ਖ਼ਮੀ ਹੋ ਗਏ। ਗੋਲ਼ੀ ਮਾਰਨ ਵਾਲਾ ਮੁਲਜ਼ਮ ਨੌਜਵਾਨ ਪੀੜਤ ਦਾ ਚਚੇਰਾ ਭਰਾ ਹੈ ਤੇ ਬੀਜੇਪੀ ਸਮਰਥਕ ਹੈ। ਵੋਟਾਂ ਵਾਲੇ ਦਿਨ ਹੀ ਦੋਵਾਂ ਭਰਾਵਾਂ ਵਿੱਚ ਝਗੜਾ ਹੋਇਆ ਸੀ। ਧਰਮੇਂਦਰ ਬੀਜੇਪੀ ਦੇ ਪੱਖ ਵਿੱਚ ਵੋਟ ਪਾਉਣ ਲਈ ਕਹਿ ਰਿਹਾ ਸੀ ਪਰ ਰਾਜਾ ਨੇ ਉਸ ਦੀ ਗੱਲ ਨਹੀਂ ਮੰਨੀ।



ਜ਼ਖ਼ਮੀ ਨੌਜਵਾਨ ਦਾ ਨਾਂ ਰਾਜਾ ਹੈ। ਉਸ ਦਾ ਭਰਾ ਧਰਮੇਂਦਰ ਫਰਾਰ ਹੈ। ਘਟਨਾ ਪਿੱਛੋਂ ਸਥਾਨਕ ਲੋਕਾਂ ਨੇ ਜ਼ਖ਼ਮੀ ਮਾਂ-ਪੁੱਤ ਨੂੰ ਹਸਪਤਾਲ ਦਾਖ਼ਲ ਕਰਵਾਇਆ। ਮਾਂ ਨੂੰ ਤਾਂ ਛੁੱਟੀ ਮਿਲ ਗਈ ਪਰ ਰਾਜਾ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।

ਹਾਸਲ ਜਾਣਕਾਰੀ ਮੁਤਾਬਕ ਪਿੰਡ ਸਿਲਾਨਾ ਵਿੱਚ ਵੋਟਿੰਗ ਵਾਲੇ ਦਿਨ ਕਾਂਗਰਸ ਤੇ ਬੀਜੇਪੀ ਦੇ ਪੱਖ ਵਿੱਚ ਵੋਟਾਂ ਪਾਉਣ ਸਬੰਧੀ ਦੋਵਾਂ ਪਾਰਟੀਆਂ ਦੇ ਸਮਰਥਕਾਂ ਵਿੱਚ ਤਣਾਓ ਸੀ। ਚੋਣਾਂ ਤਾਂ ਸ਼ਾਂਤੀ ਨਾਲ ਨਿੱਬੜ ਗਈਆਂ ਪਰ ਅਗਲੀ ਸਵੇਰ ਬੀਜੇਪੀ ਸਮਰਥਕ ਧਰਮੇਂਦਰ ਨੇ ਆਪਣੇ ਚਚੇਰੇ ਭਰਾ ਰਾਜਾ ਨੂੰ ਕਾਂਗਰਸ ਵੱਲ ਵੋਟ ਕਰਨ ਲਈ ਗੋਲ਼ੀ ਮਾਰ ਦਿੱਤੀ। ਇਸੇ ਦੌਰਾਨ ਰਾਜਾ ਦੀ ਮਾਂ ਨੂੰ ਵੀ ਗੋਲ਼ੀ ਦੇ ਛੱਰੇ ਲੱਗੇ।

ਇਸ ਮਾਮਲੇ ਸਬੰਧੀ ਪੁਲਿਸ ਨੇ ਰਾਜਾ ਦੀ ਸ਼ਿਕਾਇਤ 'ਤੇ ਮੁਲਜ਼ਮ ਧਰਮੇਂਦਰ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਪਰਚਾ ਦਰਜ ਕਰ ਲਿਆ ਹੈ। ਪੁਲਿਸ ਨੇ ਕਿਹਾ ਹੈ ਕਿ ਜਲਦ ਹੀ ਧਰਮੇਂਦਰ ਦੀ ਗ੍ਰਿਫ਼ਤਾਰੀ ਕਰ ਲਈ ਜਾਏਗੀ।