ਚੰਡੀਗੜ੍ਹ: ਹਰਿਆਣਾ ਸਰਕਾਰ (Haryana Government) ਉਦੋਂ ਤੱਕ ਪੰਚਾਇਤ ਚੋਣਾਂ ਨਹੀਂ ਕਰਵਾਏਗੀ, ਜਦੋਂ ਤੱਕ ਕਿਸਾਨ ਅੰਦੋਲਨ (Farmers Protest) ਜਾਰੀ ਰਹੇਗਾ। ਅੰਦੋਲਨ ਕਾਰਨ ਪੈਦਾ ਹੋਇਆ ਮਾਹੌਲ ਠੀਕ ਹੋਣ ਤੋਂ ਬਾਅਦ ਹੀ ਚੋਣਾਂ ਕਰਵਾਉਣ ਦਾ ਫ਼ੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal Khattar) ਨੇ ਇਹ ਜਾਣਕਾਰੀ ਦਿੱਤੀ।


ਉਨ੍ਹਾਂ ਕਿਹਾ ਕਿ ਪੰਚਾਇਤ ਚੋਣਾਂ (Haryana Panchayat Eleection) ਲਈ ਹਾਲੇ ਮਾਹੌਲ ਠੀਕ ਨਹੀਂ। ਦਬਾਅ ਪਾਏ ਜਾਣ ਕਾਰਣ ਜਮਹੂਰੀ ਕਦਰਾਂ-ਕੀਮਤਾਂ ਦੀ ਉਲੰਘਣਾ ਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਦਾ ਕਾਰਜਕਾਲ 23 ਫ਼ਰਵਰੀ ਨੂੰ ਖ਼ਤਮ ਹੋ ਚੁੱਕਾ ਹੈ। ਪੰਚਾਇਤਾਂ ’ਚ ਪ੍ਰਸ਼ਾਸਕ ਲਾਏ ਜਾ ਚੁੱਕੇ ਹਨ। ਵਿਕਾਸ ਕਾਰਜਾਂ ਵਿੱਚ ਕੋਈ ਔਕੜ ਨਹੀਂ ਆਉਣ ਦਿੱਤੀ ਜਾਵੇਗੀ। ਸਰਕਾਰ ਚੋਣਾਂ ਲਈ ਤਿਆਰ ਹੈ ਤੇ ਨਵੀਂਆਂ ਪੰਚਾਇਤਾਂ ਦਾ ਗਠਨ ਵੀ ਕੀਤਾ ਜਾ ਚੁੱਕਾ ਹੈ।


ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਵਿਰੋਧੀ ਧਿਰ ਹੁਣ ਕਿਸਾਨਾਂ ਦੇ ਨਾਂ ’ਤੇ ਸਿਆਸਤ ਨਾ ਚਮਕਾਵੇ। ਕਿਸਾਨ ਵੀ ਸਿਆਸੀ ਪਾਰਟੀਆਂ ਦੇ ਪਿੱਛੇ ਲੱਗ ਕੇ ਅੰਦੋਲਨ ਨਾ ਕਰਨ। ਕੇਂਦਰ ਸਰਕਾਰ ਕਿਸਾਨਾਂ ਦਾ ਹਿਤ ਚਾਹੁੰਦੀ ਹੈ, ਉਨ੍ਹਾਂ ਦੀ ਆਮਦਨ ਦੁੱਗਣਾ ਕਰਨ ’ਚ ਲੱਗੀ ਹੈ।


ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੜਕ ਉੱਤੇ ਧਰਨਾ ਉਚਿਤ ਨਹੀਂ, ਜਨਤਾ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਮੌਜੂਦਾ ਅੰਦੋਲਨ ਨਾਲ ਜਨਤਾ ਦੇ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਅਜਿਹੇ ਫ਼ਰਮਾਨ ਜਾਰੀ ਨਹੀਂ ਕਰਨੇ ਚਾਹੀਦੇ, ਜਿਨ੍ਹਾਂ ਨਾਲ ਕਿਸਾਨਾਂ ਦਾ ਨੁਕਸਾਨ ਹੋਵੇ। ਫ਼ਸਲਾਂ ਉਜਾੜਨਾ ਤੇ ਦੁੱਧ ਦੀ ਕੀਮਤ 100 ਰੁਪਏ ਕਰਨਾ ਗ਼ੈਰਵਾਜਬ ਹੈ।


ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਚੰਗੀ ਹੋਵੇਗੀ, ਤਾਂ ਕਿਸਾਨ ਨੂੰ ਹੀ ਫ਼ਾਇਦਾ ਹੋਵੇਗਾ ਤੇ ਖਪਤਕਾਰਾਂ ਨੂੰ ਵਧੀਆ ਤੇ ਉਚਿਤ ਕੀਮਤ ਉੱਤੇ ਅਨਾਜ ਮਿਲੇਗਾ। ਦੁੱਧ ਜਿਸ ਕੀਮਤ ਉੱਤੇ ਦੁੱਧ ਵੇਚਣਾ ਹੋਵੇ, ਵੇਚੋ ਪਰ ਉਸ ਨੂੰ ਵਿਅਰਥ ਨਾ ਗਵਾਓ।


ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਵੱਲੋਂ 6ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ 'ਤੇ ਮੋਹਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904