ਯਮੁਨਾਨਗਰ: ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਦਾ ਕਿਸਾਨ ਖੇਤੀ ਕਾਨੂੰਨਾਂ ਖਿਲਾਫ ਲੜਾਈ ਲੜ ਰਿਹਾ ਹੈ। ਇਸ 'ਚ ਹੁਣ ਕਈ ਸੂਬਿਆਂ ਦੇ ਕਿਸਾਨ ਦਿੱਲੀ ਦੀਆਂ ਹੱਦਾਂ 'ਤੇ ਡਟੇ ਹੋਏ ਹਨ। ਹੁਣ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਸਣੇ ਹੋਰ ਸੂਬਿਆਂ ਦੇ ਕਿਸਾਨਾਂ ਦਾ ਵੀ ਸਾਥ ਮਿਲ ਰਿਹਾ ਹੈ।


ਹੁਣ ਹਰਿਆਣਾ ਦੇ ਮੰਤਰੀਆਂ ਦੀ ਹਾਲਤ ਅਜੀਬ ਬਣੀ ਹੋਈ ਹੈ। ਯਮੁਨਾਨਗਰ ਪਹੁੰਚੇ ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਚੌਟਾਲਾ ਨੇ ਪਹਿਲਾਂ ਕਿਸਾਨਾਂ ਕਰਕੇ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ। ਬਾਅਦ ਵਿੱਚ ਉਨ੍ਹਾਂ ਨੇ ਦਿੱਲੀ ਹੱਦ ‘ਤੇ ਡਟੇ ਕਿਸਾਨਾਂ ਬਾਰੇ ਵੱਖਰਾ ਸਟੈਂਡ ਲਿਆ। ਉਨ੍ਹਾਂ ਕਿਹਾ ਜਦੋਂ ਤੁਹਾਡੇ ਘਰ ਲੋਕ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ ਤਾਂ ਫਿਰ ਤੁਸੀਂ ਕੀ ਕਰੋਗੇ।

ਕਿਸਾਨਾਂ ਨੂੰ ਲੈ ਕੇ ਸਰਕਾਰ ਦੇ ਮੰਤਰੀਆਂ ਦੀ ਬੌਖਲਾਹਟ ਉਨ੍ਹਾਂ ਦੇ ਬਿਆਨਾਂ 'ਚ ਸਾਫ਼ ਝਲਕਣ ਲੱਗੀ ਹੈ। ਹਰਿਆਣਾ ਦੇ ਬਿਜਲੀ ਮੰਤਰੀ ਕਿਸਾਨਾਂ ਦੀ ਚਿੰਤਾ ਕਰਦੇ ਨਜ਼ਰ ਆਏ। ਇੱਕ ਪਾਸੇ ਤਾਂ ਹਰਿਆਣਾ ਸਰਕਾਰ ਦੇ ਬਿਜਲੀ ਤੇ ਜੇਲ੍ਹ ਮੰਤਰੀ ਰਣਜੀਤ ਚੌਟਾਲਾ ਨੇ ਕਿਹਾ ਕਿ ਦਿੱਲੀ ਕੂਚ ਕਰਨ ਵਾਲੇ ਕਿਸਾਨਾਂ ਦੀਆਂ ਮੰਗਾਂ ਸਹੀ ਹਨ। ਆਪਣੀਆਂ ਮੰਗਾਂ ਲਈ ਕਿਸਾਨ ਰਾਤ ਦੀ ਠੰਢ ਵਿੱਚ ਖੁੱਲ੍ਹੇ ਅਸਮਾਨ ਹੇਠ ਪਏ ਹਨ ਜਿਸ ਕਾਰਨ ਉਨ੍ਹਾਂ ਦੇ ਹਾਲਾਤ ਵਿਗੜਦੇ ਜਾ ਰਹੇ ਹਨ।

ਇਸ ਦੇ ਨਾਲ ਹੀ ਜਦੋਂ ਮੰਤਰੀ ਸਾਹਿਬ ਨੂੰ ਕਿਸਾਨਾਂ ਦੇ ਦਿੱਲੀ ਬਾਰਡਰ 'ਤੇ ਕੰਡਿਆਲੀ ਤਾਰ ਲਾ ਕੇ ਰੋਕੇ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਕੋਈ ਜ਼ਬਰਦਸਤੀ ਤੁਹਾਡੇ ਘਰ 'ਚ ਵੜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਸੀਂ ਕੀ ਕਰੋਗੇ। ਇਸੇ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਦਿੱਲੀ ਕਿਸ ਦਾ ਘਰ ਹੈ ਤਾਂ ਉਹ ਇਸ ਸਵਾਲ ਦੇ ਜਵਾਬ ਤੋਂ ਬਚਦੇ ਨਜ਼ਰ ਆਏ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904