ਸ਼ੰਕਰ ਦਾਸ ਦੀ ਰਿਪੋਰਟ
Haryana Police: ਹੁਣ ਹਰਿਆਣਾ ਪੁਲਿਸ ਵਿੱਚ ਨਵਾਂ ਬਦਲਾਅ ਹੋਣ ਜਾ ਰਿਹਾ ਹੈ। ਹਰਿਆਣਾ 'ਚ ਹੁਣ ਮੋਟੇ ਤੇ ਅਨਫਿੱਟ ਪੁਲਿਸ ਮੁਲਾਜ਼ਮ ਨਹੀਂ ਦਿਖਾਈ ਦੇਣਗੇ। ਮੋਟੇ ਤੇ ਅਨਫਿੱਟ ਸਾਰੇ ਪੁਲਿਸ ਮੁਲਾਜ਼ਮਾਂ ਦਾ ਹੁਣ ਪੁਲਿਸ ਲਾਈਨ ਵਿੱਚ ਤਬਾਦਲਾ ਕੀਤਾ ਜਾਵੇਗਾ। ਇਹ ਹੁਕਮ ਕਿਸੇ ਹੋਰ ਨੇ ਨਹੀਂ ਸਗੋਂ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦਿੱਤਾ ਹੈ।
ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਫਿਟਨੈਸ ਨੂੰ ਧਿਆਨ ਵਿੱਚ ਰੱਖਦੇ ਹੋਏ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਇਸ ਸਬੰਧ ਵਿੱਚ ਲਿਖਤੀ ਨਿਰਦੇਸ਼ ਜਾਰੀ ਕੀਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਪੁਲੀਸ ਮੁਲਾਜ਼ਮਾਂ ਦਾ ਭਾਰ ਵਧਿਆ ਹੈ ਤੇ ਸਮੇਂ ਦੇ ਨਾਲ ਲਗਾਤਾਰ ਵੱਧ ਰਿਹਾ ਹੈ, ਉਨ੍ਹਾਂ ਦਾ ਪੁਲੀਸ ਲਾਈਨ ਵਿੱਚ ਤਬਾਦਲਾ ਕੀਤਾ ਜਾਵੇ।
ਇਨ੍ਹਾਂ ਮੁਲਾਜ਼ਮਾਂ ਨੂੰ ਕਸਰਤ ਰਾਹੀਂ ਫਿੱਟ ਕੀਤਾ ਜਾ ਸਕਦਾ ਹੈ ਤਾਂ ਹੀ ਉਨ੍ਹਾਂ ਨੂੰ ਡਿਊਟੀ ’ਤੇ ਲਾਇਆ ਜਾ ਸਕਦਾ ਹੈ। ਪਹਿਲਾਂ ਇਹ ਪੁਲਿਸ ਮੁਲਾਜ਼ਮ ਫਿੱਟ ਹੋਣਗੇ, ਉਸ ਤੋਂ ਬਾਅਦ ਕੰਮ 'ਤੇ ਪਰਤ ਸਕਦੇ ਹਨ। ਗ੍ਰਹਿ ਮੰਤਰੀ ਦੇ ਇਸ ਹੁਕਮ ਤੋਂ ਬਾਅਦ ਹੁਣ ਇਹ ਤੈਅ ਹੋ ਗਿਆ ਹੈ ਕਿ ਹਰਿਆਣਾ ਪੁਲਿਸ ਵਿੱਚ ਤਾਇਨਾਤ ਇੱਕ ਵੀ ਪੁਲਿਸ ਮੁਲਾਜ਼ਮ ਅਨਫਿੱਟ ਨਹੀਂ ਨਜ਼ਰ ਆਵੇਗਾ।
ਵਿਜ ਨੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਦਿੱਤੇ ਲਿਖਤੀ ਨਿਰਦੇਸ਼ ਵਿਚ ਕਿਹਾ ਹੈ ਕਿ ਇਹ ਦੇਖਿਆ ਗਿਆ ਹੈ ਕਿ ਪੁਲਿਸ ਵਿਭਾਗ ਵਿਚ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਦਾ ਭਾਰ ਵੱਧ ਗਿਆ ਹੈ ਅਤੇ ਸਮਾਂ ਬੀਤਣ ਨਾਲ ਉਨ੍ਹਾਂ ਦਾ ਭਾਰ ਹੋਰ ਵੱਧ ਰਿਹਾ ਹੈ। ਇਸ ਕਾਰਨ ਉਹ ਆਪਣੀ ਡਿਊਟੀ ਪੂਰੀ ਮੁਸਤੈਦੀ ਨਾਲ ਨਹੀਂ ਕਰ ਪਾ ਰਹੇ ਹਨ। ਅਜਿਹੇ 'ਚ ਪੁਲਸ ਵਾਲਿਆਂ ਦਾ ਫਿੱਟ ਹੋਣਾ ਜ਼ਰੂਰੀ ਹੋ ਗਿਆ ਹੈ।
ਅਨਿਲ ਵਿੱਜ ਨੇ ਆਪਣੀਆਂ ਹਦਾਇਤਾਂ ਵਿੱਚ ਇਹ ਵੀ ਲਿਖਿਆ ਹੈ ਕਿ ਮੈਂ ਚਾਹਾਂਗਾ ਕਿ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਦੀ ਫਿਟਨੈੱਸ ਨੂੰ ਬਰਕਰਾਰ ਰੱਖਣ ਲਈ ਜਿਨ੍ਹਾਂ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਦਾ ਭਾਰ ਜ਼ਿਆਦਾ ਹੋ ਗਿਆ ਹੈ, ਉਨ੍ਹਾਂ ਦਾ ਤਬਾਦਲਾ ਪੁਲਿਸ ਲਾਈਨ ਵਿੱਚ ਕੀਤਾ ਜਾਵੇ ਅਤੇ ਜਦੋਂ ਤੱਕ ਉਹ ਫਿੱਟ ਨਾ ਹੋਣ ਉਨ੍ਹਾਂ ਨੂੰ ਕਸਰਤ ਕਰਵਾਈ ਜਾਵੇ।