Haryana Lok Sabha Chunav 2024: ਦੇਸ਼ 'ਚ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਹੋ ਚੁੱਕੀ ਹੈ। ਹੁਣ ਦੂਜੇ ਪੜਾਅ ਦੀ ਵੋਟਿੰਗ 26 ਅਪ੍ਰੈਲ ਨੂੰ ਹੋਣੀ ਹੈ। ਜਿਸ ਨੂੰ ਲੈ ਕੇ ਹਰ ਪਾਰਟੀ ਪੂਰੇ ਜੋਸ਼ ਦੇ ਨਾਲ ਪ੍ਰਚਾਰ ਕਰ ਰਹੀ ਹੈ। ਪਰ ਹੁਣ ਤੱਕ ਕਾਂਗਰਸ ਨੇ ਹਰਿਆਣਾ ਦੀਆਂ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਇਸ ਨੂੰ ਲੈ ਕੇ ਭਾਜਪਾ ਲਗਾਤਾਰ ਕਾਂਗਰਸ ਨੂੰ ਘੇਰ ਰਹੀ ਹੈ। ਇਸੇ ਲੜੀ ਤਹਿਤ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਾਂਗਰਸ ਤੇ ਸਾਬਕਾ ਸੀਐਮ ਭੁਪਿੰਦਰ ਸਿੰਘ ਹੁੱਡਾ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਹਾਲੇ ਵੀ ਮੰਥਨ ਚੱਲ ਰਿਹਾ ਹੈ। ਕਿਉਂਕਿ ਕਾਂਗਰਸ ਦੇ ਵੱਡੇ ਆਗੂ ਚੋਣ ਨਹੀਂ ਲੜਨਾ ਚਾਹੁੰਦੇ।



ਭੁਪਿੰਦਰ ਸਿੰਘ ਹੁੱਡਾ ਹਾਰ ਦੇ ਡਰੋਂ ਨਹੀਂ ਲੜ ਰਹੇ ਚੋਣ


ਸੀਐਮ ਨਾਇਬ ਸਿੰਘ ਸੈਣੀ ਨੇ ਭੁਪਿੰਦਰ ਸਿੰਘ ਹੁੱਡਾ ਨੂੰ ਘੇਰਦਿਆਂ ਕਿਹਾ ਕਿ ਉਹ ਪਿਛਲੀਆਂ ਲੋਕ ਸਭਾ ਚੋਣਾਂ ਲੜੇ ਸਨ ਪਰ ਹਾਰ ਗਏ ਸਨ, ਹੁਣ ਉਨ੍ਹਾਂ ਦੇ ਮਨ ਵਿੱਚ ਕਿਤੇ ਨਾ ਕਿਤੇ ਇਹ ਡਰ ਹੈ ਕਿ ਉਹ ਇਸ ਵਾਰ ਫਿਰ ਹਾਰ ਜਾਣਗੇ। ਇਸ ਲਈ ਉਹ ਹਾਰ ਦੇ ਡਰ ਕਾਰਨ ਮੈਦਾਨ ਵਿੱਚ ਉਤਰਨ ਤੋਂ ਡਰਦੇ ਹਨ।


ਹਰਿਆਣਾ 'ਚ ਖਿੜਨਗੇ 11 ਕਮਲ
ਦਿੱਲੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਸ ਲੋਕ ਸਭਾ ਸੀਟਾਂ ਦੇ ਨਾਲ-ਨਾਲ ਇੱਕ ਵਿਧਾਨ ਸਭਾ ਸੀਟ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ 11 ਕਮਲ ਖਿੜਨਗੇ। ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਵਿਚ ਹਰਿਆਣਾ ਅਹਿਮ ਭੂਮਿਕਾ ਨਿਭਾਏਗਾ। ਦੱਸ ਦੇਈਏ ਕਿ ਦਿੱਲੀ ਵਿੱਚ ਸੀਐਮ ਨਾਇਬ ਸਿੰਘ ਸੈਣੀ ਭਾਜਪਾ ਨੇਤਾ ਕੁਲਦੀਪ ਬਿਸ਼ਨੋਈ ਦੇ ਘਰ ਪਹੁੰਚੇ ਸਨ।


ਕੁਲਦੀਪ ਬਿਸ਼ਨੋਈ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਤੇਜ਼


ਮੰਨਿਆ ਜਾ ਰਿਹਾ ਹੈ ਕਿ ਟਿਕਟ ਨਾ ਮਿਲਣ ਤੋਂ ਨਾਰਾਜ਼ ਕੁਲਦੀਪ ਬਿਸ਼ਨੋਈ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਇਸ ਦੀ ਜ਼ਿੰਮੇਵਾਰੀ ਖੁਦ ਮੁੱਖ ਮੰਤਰੀ ਨੇ ਲਈ ਹੈ। ਅੱਜ ਸੀਐਮ ਸੈਣੀ ਨੇ ਕੁਲਦੀਪ ਬਿਸ਼ਨੋਈ ਦੇ ਪਰਿਵਾਰ ਨਾਲ ਦਿੱਲੀ ਦੇ ਬਿਸ਼ਨੋਈ ਹਾਊਸ ਵਿੱਚ ਨਾਸ਼ਤਾ ਕੀਤਾ। ਇਸ ਦੌਰਾਨ ਕੁਲਦੀਪ ਬਿਸ਼ਨੋਈ ਦੀ ਪਤਨੀ ਰੇਣੂਕਾ ਅਤੇ ਬੇਟਾ ਅਤੇ ਆਦਮਪੁਰ ਦੇ ਭਾਜਪਾ ਵਿਧਾਇਕ ਭਵਿਆ ਬਿਸ਼ਨੋਈ ਵੀ ਮੌਜੂਦ ਸਨ।


ਇਸ ਤੋਂ ਪਹਿਲਾਂ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀ ਕਾਂਗਰਸ ਵੱਲੋਂ ਲੋਕ ਸਭਾ ਉਮੀਦਵਾਰ ਨਾ ਐਲਾਨੇ ਜਾਣ 'ਤੇ ਚਿੰਤਾ ਜਤਾਈ ਸੀ। ਉਨ੍ਹਾਂ ਕਾਂਗਰਸ 'ਤੇ ਚੁਟਕੀ ਲੈਂਦਿਆਂ ਕਿਹਾ ਸੀ ਕਿ ਜੇਕਰ ਕਾਂਗਰਸ ਕੋਲ ਲੋਕ ਸਭਾ ਉਮੀਦਵਾਰ ਨਹੀਂ ਹਨ ਤਾਂ ਅੰਬਾਲਾ ਦੀ ਅਜਿਹੀ ਦੁਕਾਨ 'ਤੇ ਸੰਪਰਕ ਕਰੋ ਜਿੱਥੇ ਕਿਰਾਏ 'ਤੇ ਵਿਆਹ ਦੇ ਲਈ ਬਰਾਤ ਮਿਲ ਜਾਂਦੀ ਹੈ।