Haryana News : ਹਰਿਆਣਾ ਵਿਚ ਈ-ਟੈਂਡਰਿੰਗ ਨੂੰ ਲੈ ਕੇ ਸਰਕਾਰ ਅਤੇ ਸਰਪੰਚਾਂ ਵਿਚ ਵਿਵਾਦ ਵਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਸਰਪੰਚਾਂ 'ਤੇ ਲਾਠੀਚਾਰਜ ਕੀਤਾ ਗਿਆ ਸੀ। ਜਿਸ ਵਿੱਚ 100 ਤੋਂ ਵੱਧ ਸਰਪੰਚ ਜ਼ਖਮੀ ਹੋ ਗਏ ਸਨ ਅਤੇ ਹੁਣ ਪੰਚਕੂਲਾ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ 4000 ਸਰਪੰਚਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਸਰਪੰਚਾਂ ਵੱਲੋਂ ਚੰਡੀਗੜ੍ਹ-ਪੰਚਕੂਲਾ ਸਰਹੱਦ ’ਤੇ ਧਰਨਾ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਹੀ ਨਹੀਂ ਪੰਚਕੂਲਾ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ 20-25 ਦੇ ਕਰੀਬ ਜਵਾਨ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ |

 


ਪੁਲਿਸ ਨੇ ਕਿਹਾ ਕਿ ਸਰਪੰਚਾਂ ਨੂੰ ਕੀਤੀ ਗਈ ਸੀ ਅਪੀਲ 



ਪੰਚਕੂਲਾ ਪੁਲੀਸ ਵੱਲੋਂ ਸਰਪੰਚ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਗਈ ਕਿ ਉਨ੍ਹਾਂ ਦੇ ਧਰਨੇ ਕਾਰਨ ਸਕੂਲ-ਕਾਲਜ ਜਾਣ ਵਾਲੇ ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਅਮਨ-ਕਾਨੂੰਨ ਅਤੇ ਅਮਨ-ਸ਼ਾਂਤੀ ਬਰਕਰਾਰ ਰੱਖਣ ਲਈ ਪੁਲਿਸ ਦਾ ਸਹਿਯੋਗ ਕਰਨਾ ਚਾਹੀਦਾ ਹੈ। ਪੁਲੀਸ ਦਾ ਕਹਿਣਾ ਹੈ ਕਿ ਇਸ ਦੇ ਬਾਵਜੂਦ ਪ੍ਰਦਰਸ਼ਨਕਾਰੀ ਨਹੀਂ ਮੰਨੇ, ਇਸ ਲਈ ਉਨ੍ਹਾਂ ਨੇ ਨਿਯਮਾਂ ਦੀ ਪਾਲਣਾ ਕਰਕੇ ਅਮਨ-ਸ਼ਾਂਤੀ ਕਾਇਮ ਕਰਨ ਲਈ ਸੰਘਰਸ਼ ਕੀਤਾ। ਸੈਕਟਰ 17 ਅਤੇ 18 ਚੌਕ ਤੋਂ ਚੰਡੀਗੜ੍ਹ ਵੱਲ ਜਾਂਦੇ ਸਮੇਂ ਸਰਪੰਚਾਂ ਨੂੰ ਵੀ ਸਮਝਾਇਆ ਗਿਆ, ਉਨ੍ਹਾਂ ਨੂੰ ਧਾਰਾ 144 ਬਾਰੇ ਵੀ ਦੱਸਿਆ ਗਿਆ, ਪੁਲਿਸ ਦਾ ਕਹਿਣਾ ਹੈ ਕਿ ਇਹ ਸਭ ਸਮਝਾਉਣ ਦੇ ਬਾਵਜੂਦ ਸਰਪੰਚਾਂ ਨੇ ਉਨ੍ਹਾਂ ਦੇ ਬੈਰੀਕੇਡ ਤੋੜ ਦਿੱਤੇ ਅਤੇ ਉਨ੍ਹਾਂ ਦੇ ਸਾਥੀਆਂ ਦੀ ਕੁੱਟਮਾਰ ਕੀਤੀ। ਜਿਸ ਕਾਰਨ ਪੁਲਿਸ ਵਾਲਿਆਂ ਨੂੰ ਵੀ ਸੱਟਾਂ ਲੱਗੀਆਂ। ਇਸ ਕਾਰਨ ਪੰਚਕੂਲਾ ਦੇ ਸੈਕਟਰ-14 ਵਿੱਚ ਸਰਪੰਚਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

 



ਹਰਿਆਣਾ ਦੇ ਸਰਪੰਚਾਂ ਨੇ ਹੁਣ ਪੰਚਕੂਲਾ-ਚੰਡੀਗੜ੍ਹ ਸਰਹੱਦ 'ਤੇ ਸਥਿਤ ਹਾਊਸਿੰਗ ਬੋਰਡ ਚੌਕ 'ਤੇ ਧਰਨਾ ਦਿੱਤਾ ਹੈ। ਬੁੱਧਵਾਰ ਦੀ ਰਾਤ ਵੀ ਸਰਪੰਚਾਂ ਨੇ ਸਰਹੱਦ 'ਤੇ ਰਾਤ ਕੱਟੀ। ਅੱਜ ਵੀ ਸਰਪੰਚ ਓਥੇ ਹੀ ਡੇਰਾ ਲਗਾ ਕੇ ਬੈਠੇ ਹਨ। ਸਰਪੰਚਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ’ਤੇ ਕੀਤੇ ਲਾਠੀਚਾਰਜ ਦਾ ਖ਼ਮਿਆਜ਼ਾ ਉਨ੍ਹਾਂ ਨੂੰ 2024 ਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ।