Heavy rain alert- ਮੌਸਮ ਵਿਭਾਗ ਨੇ ਕਿਹਾ ਕਿ ਫਿਲਹਾਲ ਭਾਰਤ ਦੇ ਪੱਛਮੀ ਤੱਟ ਦਾ ਮੌਸਮ ਪੂਰੀ ਤਰ੍ਹਾਂ ਬਦਲ ਗਿਆ ਹੈ। ਆਈਐਮਡੀ ਨੇ ਅਗਲੇ ਦੋ ਦਿਨਾਂ ਦੌਰਾਨ ਤੱਟਵਰਤੀ ਅਤੇ ਅੰਦਰੂਨੀ ਕਰਨਾਟਕ, ਮਹਾਰਾਸ਼ਟਰ ਅਤੇ ਗੋਆ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। 


ਮੌਸਮ ਵਿਭਾਗ ਦਾ ਕਹਿਣਾ ਹੈ ਕਿ 24 ਤੋਂ 27 ਤਰੀਕ ਦਰਮਿਆਨ ਮੱਧ ਪੂਰਬ ਅਤੇ ਉੱਤਰ ਪੂਰਬੀ ਭਾਰਤ ਵਿੱਚ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਮੁਤਾਬਕ ਦਿੱਲੀ ਵਿਚ ਬੁੱਧਵਾਰ ਤੋਂ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।



ਪੱਛਮੀ ਰਾਜਸਥਾਨ ਦੇ ਨੇੜੇ ਅਤੇ ਬੰਗਾਲ ਦੀ ਖਾੜੀ ਵਿੱਚ ਵੀ ਇੱਕ ਘੱਟ ਦਬਾਅ ਬਣ ਰਿਹਾ ਹੈ। ਇਸ ਦਾ ਅਸਰ ਉਤਰੀ ਰਾਜਾਂ ਉਤੇ ਵੀ ਪਵੇਗਾ। ਮੌਸਮ ਵਿਭਾਗ ਨੇ ਕਿਹਾ ਕਿ ਮੱਧ ਪ੍ਰਦੇਸ਼, ਪੱਛਮੀ ਰਾਜਸਥਾਨ, ਉੱਤਰ ਪ੍ਰਦੇਸ਼, ਝਾਰਖੰਡ, ਪੱਛਮੀ ਬੰਗਾਲ, ਬਿਹਾਰ, ਹਰਿਆਣਾ ਅਤੇ ਪੰਜਾਬ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਸ਼ਾਮ ਤੋਂ ਮੌਸਮ ਬਦਲ ਸਕਦਾ ਹੈ।


ਇਨ੍ਹਾਂ ਰਾਜਾਂ ਵਿੱਚ ਮੀਂਹ ਅਤੇ ਤੂਫ਼ਾਨ
ਮਾਨਸੂਨ ਦੇ ਪਿੱਛੇ ਹਟਣ ਨਾਲ ਮੱਧ ਅਤੇ ਪੂਰਬੀ ਭਾਰਤ ਦੇ ਮੌਸਮ ਦਾ ਰੂਪ ਬਦਲ ਗਿਆ ਹੈ। ਆਈਐਮਡੀ ਦੇ ਅਨੁਸਾਰ ਛੱਤੀਸਗੜ੍ਹ, ਝਾਰਖੰਡ, ਬਿਹਾਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਉੜੀਸਾ ਵਿੱਚ ਗਰਜ ਨਾਲ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਛੱਤੀਸਗੜ੍ਹ ‘ਚ ਸੋਮਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ।


 ਆਈਐਮਡੀ ਨੇ ਅੱਜ ਹੋਰ ਰਾਜਾਂ ਵਿੱਚ ਗਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੱਧ ਭਾਰਤ ਅਤੇ ਪ੍ਰਾਇਦੀਪ ਭਾਰਤ ਵਿੱਚ ਮੀਂਹ ਦੇ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਹੈ। ਦੱਸ ਦਈਏ ਕਿ ਮਾਨਸੂਨ ਦੇ ਵਾਪਸ ਆਉਣ ‘ਤੇ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ ਵਾਂਗ ਪੂਰਬੀ ਤੱਟ ‘ਤੇ ਭਾਰੀ ਬਾਰਿਸ਼ ਹੁੰਦੀ ਹੈ। ਤੂਫਾਨ ਅਤੇ ਹੜ੍ਹ ਦੀ ਵੀ ਸੰਭਾਵਨਾ ਹੈ।



ਭਾਰੀ ਮੀਂਹ ਦਾ ਅਲਰਟ ਜਾਰੀ 
ਮੌਸਮ ਵਿਭਾਗ ਨੇ ਅੱਜ ਗੋਆ, ਕੋਂਕਣ ਤੱਟ, ਦੱਖਣੀ ਕਰਨਾਟਕ ਤੱਟ ‘ਤੇ ਭਾਰੀ ਤੋਂ ਬੇਹੱਦ ਭਾਰੀ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਮਰਾਠਵਾੜਾ, ਦੱਖਣੀ ਮਹਾਰਾਸ਼ਟਰ ਅਤੇ ਉੱਤਰੀ ਅੰਦਰੂਨੀ ਕਰਨਾਟਕ ਦੇ ਨਾਲ ਲੱਗਦੇ ਹਿੱਸਿਆਂ ‘ਚ ਬੇਹੱਦ ਭਾਰੀ ਮੀਂਹ ਦਾ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। 


ਮੌਸਮ ਵਿਭਾਗ ਨੇ ਕਿਹਾ ਕਿ ਮੱਧ ਭਾਰਤ, ਆਂਧਰਾ ਪ੍ਰਦੇਸ਼, ਤੇਲੰਗਾਨਾ, ਦੱਖਣੀ ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਛੱਤੀਸਗੜ੍ਹ, ਉੱਤਰੀ ਗੁਜਰਾਤ, ਉੜੀਸਾ ਅਤੇ ਉੱਤਰ-ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਅੱਜ ਬਹੁਤ ਜ਼ਿਆਦਾ ਭਾਰੀ ਮੀਂਹ ਦਾ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਇਨ੍ਹਾਂ ਇਲਾਕਿਆਂ ‘ਚ ਤੂਫਾਨ ਆਉਣ ਦੀ ਸੰਭਾਵਨਾ ਹੈ। ਬਿਹਾਰ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਗਰਜ਼-ਤੂਫ਼ਾਨ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।