Heavy Rain In Kerala: ਕੇਰਲ 'ਚ ਮਾਰਚ ਦੇ ਆਖਰੀ ਹਫਤੇ ਤੋਂ ਭਿਆਨਕ ਗਰਮੀ ਸ਼ੁਰੂ ਹੋ ਗਈ ਸੀ। ਸਥਿਤੀ ਇਸ ਪੱਧਰ ਉਤੇ ਪਹੁੰਚ ਗਈ ਸੀ ਕਿ ਸਰਕਾਰ ਨੂੰ ਸਬੰਧਤ ਜ਼ਿਲ੍ਹਿਆਂ ਨੂੰ ਐਡਵਾਈਜ਼ਰੀ ਜਾਰੀ ਕਰਨੀ ਪਈ। ਕਹਿਰ ਦੀ ਗਰਮੀ ਕਾਰਨ ਸਕੂਲ ਬੰਦ ਕਰਨੇ ਪਏ। 


ਇਸ ਤੋਂ ਇਲਾਵਾ ਸਕੂਲਾਂ ਵਿੱਚ ਬੱਚਿਆਂ ਨੂੰ ਪਾਣੀ ਪੀਣ ਲਈ ਵਿਸ਼ੇਸ਼ ਸਮਾਂ ਦਿੱਤਾ ਗਿਆ। ਹੁਣ ਉਸੇ ਕੇਰਲ ਵਿੱਚ ਮੀਂਹ ਆਪਣਾ ਭਿਆਨਕ ਰੂਪ ਦਿਖਾ ਰਿਹਾ ਹੈ। ਕੇਰਲ ਵਿੱਚ ਭਾਰੀ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਸੜਕਾਂ ਪਾਣੀ ਵਿਚ ਡੁੱਬ ਗਈਆਂ ਹਨ, ਕਈ ਥਾਵਾਂ ਤੋਂ ਦਰੱਖਤ ਉਖੜ ਗਏ ਹਨ ਅਤੇ ਹੜ੍ਹ ਦਾ ਪਾਣੀ ਘਰਾਂ ਵਿਚ ਵੜ ਗਿਆ ਹੈ। ਰੇਲ ਸੇਵਾ ਵੀ ਪ੍ਰਭਾਵਿਤ ਹੋਈ ਹੈ ਅਤੇ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ।


ਘਰਾਂ, ਸਕੂਲਾਂ ਅਤੇ ਦੁਕਾਨਾਂ 'ਚ ਪਾਣੀ ਦਾਖਲ
ਕੇਰਲ ਦੇ ਤੱਟੀ ਅਲਾਪੁਝਾ ਜ਼ਿਲੇ ਦੇ ਕੁੱਟਨਾਡ ਦੇ ਨੀਵੇਂ ਇਲਾਕਿਆਂ 'ਚ ਸਥਿਤ ਘਰਾਂ, ਸਕੂਲਾਂ ਅਤੇ ਦੁਕਾਨਾਂ 'ਚ ਪਾਣੀ ਦਾਖਲ ਹੋ ਗਿਆ ਹੈ। ਕਈ ਥਾਵਾਂ ’ਤੇ ਸੜਕਾਂ ’ਤੇ ਟੋਏ ਪੈ ਜਾਣ ਕਾਰਨ ਵਾਹਨ ਚਾਲਕਾਂ ਲਈ ਖਤਰਾ ਪੈਦਾ ਹੋ ਗਿਆ ਹੈ। ਇਸ ਦੌਰਾਨ, ਭਾਰਤ ਦੇ ਮੌਸਮ ਵਿਭਾਗ ਨੇ ਤਿਰੂਵਨੰਤਪੁਰਮ, ਕੋਲਮ, ਪਥਾਨਾਮਥਿੱਟਾ, ਅਲਾਪੁਝਾ ਅਤੇ ਕੋਟਾਯਮ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। 


ਕੋਲਮ ਜ਼ਿਲੇ ਦੇ ਕੈਕੁਲੰਗਾਰਾ 'ਚ ਭਾਰੀ ਬਾਰਿਸ਼ ਕਾਰਨ ਘਰ ਦੀ ਛੱਤ ਡਿੱਗਣ ਕਾਰਨ ਚਾਰ ਮੈਂਬਰਾਂ ਦਾ ਪਰਿਵਾਰ ਵਾਲ-ਵਾਲ ਬਚ ਗਿਆ। ਆਈਐਮਡੀ ਨੇ ਤਿਰੂਵਨੰਤਪੁਰਮ, ਕੋਲਮ, ਪਥਾਨਾਮਥਿੱਟਾ, ਅਲਾਪੁਜ਼ਾ, ਇਡੁੱਕੀ, ਕੋਟਾਯਮ ਅਤੇ ਏਰਨਾਕੁਲਮ ਸਮੇਤ ਰਾਜ ਦੇ ਸੱਤ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਯੈਲੋ ਅਲਰਟ 6 ਤੋਂ 11 ਸੈਂਟੀਮੀਟਰ ਦਰਮਿਆਨ ਭਾਰੀ ਮੀਂਹ ਦਾ ਸੰਕੇਤ ਦਿੰਦਾ ਹੈ।


ਘਰਾਂ ਅਤੇ ਸੜਕਾਂ ਨੂੰ ਨੁਕਸਾਨ ਪਹੁੰਚਿਆ
ਪੁਲਿਸ ਨੇ ਦੱਸਿਆ ਕਿ ਕਨੇਟੁਮੁੱਕੂ ਵਿੱਚ ਇੱਕ ਹੋਰ ਘਰ ਤੜਕੇ ਭਾਰੀ ਮੀਂਹ ਕਾਰਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਉਧਰ, ਇਥੇ ਰਹਿ ਰਹੀ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਵਾਲ-ਵਾਲ ਬਚ ਗਈ ਕਿਉਂਕਿ ਰਾਤ ਨੂੰ ਰੌਲਾ ਸੁਣ ਕੇ ਉਹ ਵਿਹੜੇ ਵੱਲ ਭੱਜੀ ਸੀ। ਤੱਟਵਰਤੀ ਪਿੰਡ ਪੋਝਿਯੂਰ ਵਿੱਚ ਕਈ ਸੜਕਾਂ ਨੂੰ ਨੁਕਸਾਨ ਪਹੁੰਚਿਆ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ। ਖੇਤਰ ਵਿੱਚ ਰਾਹਤ ਕੈਂਪ ਲਗਾਏ ਗਏ ਹਨ ਅਤੇ ਲਗਾਤਾਰ ਖਰਾਬ ਮੌਸਮ ਕਾਰਨ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।


ਇਧਰ, ਭਾਰਤੀ ਮੌਸਮ ਵਿਭਾਗ (IMD) ਨੇ ਸ਼ਨੀਵਾਰ ਨੂੰ ਗੰਭੀਰ ਚੱਕਰਵਾਤੀ ਤੂਫਾਨ ‘ਰੇਮਲ’ (Cyclone Remal) ਸਬੰਧੀ ਅਲਰਟ ਜਾਰੀ ਕੀਤਾ ਹੈ। ਅੱਜ ਐਤਵਾਰ ਨੂੰ ਆਈਐਮਡੀ ਨੇ ਆਪਣੇ ਅਪਡੇਟ ਨੂੰ ਲੈ ਕੇ ਸੋਸ਼ਲ ਮੀਡੀਆ ਸਾਈਟ ਐਕਸ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ।


ਪੋਸਟ ਵਿੱਚ ਆਈਐਮਡੀ ਨੇ ਕਿਹਾ ਕਿ ਚੱਕਰਵਾਤ ‘ਰੇਮਲ’ ਦਾ ਮਾਰਗ ਉੱਤਰੀ ਬੰਗਾਲ ਦੀ ਖਾੜੀ ਉੱਤੇ ਸਾਗਰ ਦੀਪ ਸਮੁਹ ਦੇ ਲਗਭਗ 290 ਕਿਲੋਮੀਟਰ ਦੱਖਣ ਪੂਰਬ ਵਿੱਚ, ਖੇਪੁਪਾਰਾ (ਬੰਗਲਾਦੇਸ਼) ਤੋਂ 300 ਕਿਲੋਮੀਟਰ ਦੱਖਣ ਪੂਰਬ ਵਿੱਚ ਅਤੇ ਕੈਨਿੰਗ (ਡਬਲਯੂਬੀ) ਤੋਂ 320 ਕਿਲੋਮੀਟਰ ਦੱਖਣ ਪੂਰਬ ਵਿੱਚ ਹੈ।