Himachal Pradesh Election Results 2022: ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ। ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ ਕਾਂਗਰਸ ਭਾਜਪਾ ਤੋਂ ਅੱਗੇ ਨਿਕਲ ਗਈ ਹੈ। ਉਂਝ ਜਦੋਂ ਚੋਣਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਉਸੇ ਸਮੇਂ ਤੋਂ ਹੀ ਕਾਂਗਰਸ ਅਤੇ ਭਾਜਪਾ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੀ। ਕਦੇ ਭਾਜਪਾ ਤੇ ਕਦੇ ਕਾਂਗਰਸ ਇੱਕ ਦੂਜੇ ਨੂੰ ਹਰਾ ਰਹੇ ਸਨ। ਹਿਮਾਚਲ ਪ੍ਰਦੇਸ਼ 'ਚ ਚੋਣਾਂ ਦੀ ਗਿਣਤੀ 'ਚ ਇੰਨਾ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ ਕਿ ਇਹ ਕ੍ਰਿਕਟ ਮੈਚ ਵਰਗਾ ਹੋ ਗਿਆ। ਜਿੱਥੇ ਇੱਕ ਪਾਸੇ ਬੀਜੇਪੀ ਗੁਜਰਾਤ ਵਿੱਚ ਭਾਰੀ ਬਹੁਮਤ ਵੱਲ ਵਧ ਰਹੀ ਹੈ, ਉੱਥੇ ਹੀ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਬੀਜੇਪੀ ਪਛੜ ਗਈ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਥਾਂ-ਥਾਂ ਚੋਣ ਪ੍ਰਚਾਰ ਲਈ ਗਏ, ਪਰ ਆਪਣੇ ਹੀ ਸੂਬੇ ਵਿੱਚ ਭਾਜਪਾ ਨੂੰ ਜਿੱਤ ਨਹੀਂ ਦਿਵਾ ਸਕੇ। ਦੱਸ ਦੇਈਏ ਕਿ ਭਾਜਪਾ ਨੇ ਇਸ ਚੋਣ ਨੂੰ ਜਿੱਤਣ ਲਈ ਆਪਣੀ ਪੂਰੀ ਜਾਨ ਲਗਾ ਦਿੱਤੀ ਸੀ। ਇਸ ਚੋਣ ਵਿੱਚ ਭਾਜਪਾ ਦੇ ਸਾਰੇ ਵੱਡੇ ਚਿਹਰੇ ਚੋਣ ਪ੍ਰਚਾਰ ਕਰਦੇ ਨਜ਼ਰ ਆਏ।
ਕੀ ਭਾਜਪਾ 'ਚ ਸੀ ਵਿਵਾਦ?
ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਸੀਐਮ ਬਦਲਣ ਦੀ ਮੰਗ ਉੱਠ ਰਹੀ ਸੀ ਪਰ ਭਾਜਪਾ ਹਾਈਕਮਾਂਡ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਸਮੇਤ ਕਈ ਮੰਤਰੀਆਂ ਨੇ ਭਾਜਪਾ ਦੇ ਪ੍ਰਚਾਰ ਲਈ ਹਿਮਾਚਲ ਵਿੱਚ ਡੇਰੇ ਲਾਏ ਹੋਏ ਸਨ। ਸਿਆਸੀ ਹਲਕਿਆਂ ਵਿੱਚ ਚਰਚਾ ਸੀ ਕਿ ਹਿਮਾਚਲ ਵਿੱਚ ਇਸ ਵਾਰ ਰਾਜ ਬਦਲੇਗਾ। ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ ਅਜਿਹਾ ਲੱਗਦਾ ਹੈ ਕਿ ਹਿਮਾਚਲ 'ਚ ਨਿਜਾਮ ਬਦਲ ਸਕਦਾ ਹੈ। ਗੁਜਰਾਤ ਵਿੱਚ ਵੀ ਸੀਐਮ ਬਦਲਣ ਨੂੰ ਲੈ ਕੇ ਭਾਜਪਾ ਵਿੱਚ ਖਲਬਲੀ ਮਚ ਗਈ। ਜਿਸ ਤੋਂ ਬਾਅਦ ਬੀਜੇਪੀ ਨੇ ਵਿਜੇ ਰੂਪਾਨੀ ਨੂੰ ਸੀਐਮ ਦੇ ਅਹੁਦੇ ਤੋਂ ਹਟਾ ਕੇ ਭੂਪੇਂਦਰ ਭਾਈ ਪਟੇਲ ਨੂੰ ਸੀਐਮ ਬਣਾਇਆ ਸੀ। ਇਸ ਦਾ ਫਾਇਦਾ ਭਾਜਪਾ ਨੂੰ ਵੀ ਮਿਲ ਰਿਹਾ ਹੈ।
ਦੱਸ ਦੇਈਏ ਕਿ ਪਿਛਲੇ ਸਾਲ ਹਿਮਾਚਲ ਪ੍ਰਦੇਸ਼ 'ਚ 1 ਲੋਕ ਸਭਾ ਸੀਟ ਅਤੇ 3 ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ ਹੋਈਆਂ ਸਨ। ਇਸ ਚੋਣ ਵਿੱਚ ਵੀ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇੱਥੇ ਕਾਂਗਰਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਹ ਚਾਰੇ ਸੀਟਾਂ ਜਿੱਤੀਆਂ ਸਨ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਕੁੱਲ 68 ਵਿਧਾਨ ਸਭਾ ਸੀਟਾਂ ਹਨ, ਜਿੱਥੇ ਬਹੁਮਤ ਲਈ 35 ਸੀਟਾਂ ਦੀ ਲੋੜ ਹੈ। ਦੱਸ ਦੇਈਏ ਕਿ ਹਿਮਾਚਲ ਤੋਂ ਭਾਜਪਾ ਦੀ ਆਪਸੀ ਲੜਾਈ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਸਨ ਪਰ ਭਾਜਪਾ ਹਾਈਕਮਾਂਡ ਮੁੱਖ ਮੰਤਰੀ ਲਈ ਆਪਣੇ ਫੈਸਲੇ 'ਤੇ ਅੜੀ ਰਹੀ।