Himachal Pradesh Cabinet News: ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਪਹਿਲੀ ਵਾਰ ਦਿੱਲੀ ਆਏ ਹਨ। ਉਨ੍ਹਾਂ ਨਾਲ ਹਿਮਾਚਲ ਕਾਂਗਰਸ ਦੀ ਸੂਬਾ ਪ੍ਰਧਾਨ ਪ੍ਰਤਿਭਾ ਸਿੰਘ ਵੀ ਮੌਜੂਦ ਹਨ। ਵੀਰਵਾਰ ਨੂੰ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁੱਖੂ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਸਮਾਂ ਮੰਗਿਆ ਹੈ। ਇਸ ਤੋਂ ਪਹਿਲਾਂ ਉਹ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਪੁੱਜੇ।


ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਦੱਸਿਆ ਕਿ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਹੀ ਮੰਤਰੀ ਮੰਡਲ ਦਾ ਗਠਨ ਕੀਤਾ ਜਾਵੇਗਾ। ਇਸ ਦੌਰਾਨ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਅਤੇ ਸ਼ਿਮਲਾ ਦਿਹਾਤੀ ਤੋਂ ਵਿਧਾਇਕ ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ ਮੈਂ ਸੂਬਾ ਯੂਥ ਕਾਂਗਰਸ ਦਾ ਪ੍ਰਧਾਨ ਸੀ, ਵਿਧਾਇਕ ਸੀ ਅਤੇ ਹੁਣ ਲੋਕਾਂ ਨੇ ਮੈਨੂੰ ਮੁੜ ਤੋਂ ਜੇਤੂ ਬਣਾਇਆ ਹੈ। ਮੈਂ ਸਟਾਰ ਪ੍ਰਚਾਰਕ ਵਜੋਂ ਲਗਭਗ 15 ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ। ਇਸ ਲਈ ਸਾਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ, ਅਸੀਂ ਉਸ ਨੂੰ ਪੂਰਾ ਕਰਾਂਗੇ ਅਤੇ ਸੀ.ਐਮ ਸੁੱਖੂ ਦੀ ਅਗਵਾਈ ਹੇਠ ਮਜ਼ਬੂਤ ​​ਸਰਕਾਰ ਚਲਾਵਾਂਗੇ।


ਪ੍ਰਤਿਭਾ ਸਿੰਘ ਦੇ ਧੜੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ: ਸੁੱਖੂ


ਜ਼ਿਕਰਯੋਗ ਹੈ ਕਿ ਹਿਮਾਚਲ 'ਚ ਕਾਂਗਰਸ ਦੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰੀ ਨੂੰ ਲੈ ਕੇ ਕਈ ਨਾਂ ਚਰਚਾ 'ਚ ਸਨ ਪਰ ਕਾਂਗਰਸ ਹਾਈਕਮਾਂਡ ਨੇ ਸੁਖਵਿੰਦਰ ਸਿੰਘ ਸੁੱਖੂ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਨਿਆ ਜਾ ਰਿਹਾ ਸੀ ਕਿ ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਦਾ ਨਾਂ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਹੈ, ਪਰ ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਸੁੱਖੂ ਦੇ ਸੀਐਮ ਬਣਨ ਤੋਂ ਬਾਅਦ ਪ੍ਰਤਿਭਾ ਸਿੰਘ ਦੇ ਧੜੇ ਨੂੰ ਅਣਗੌਲਿਆ ਕੀਤਾ ਜਾਵੇਗਾ।


ਪਰ ਸੁਖਵਿੰਦਰ ਸੁੱਖੂ ਨੇ ਜਲਦੀ ਹੀ ਸਪੱਸ਼ਟ ਕਰ ਦਿੱਤਾ ਕਿ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਨੇ ਇਕ ਇੰਟਰਵਿਊ 'ਚ ਕਿਹਾ ਕਿ ਵਿਕਰਮਾਦਿਤਿਆ ਨੂੰ ਮੰਤਰੀ ਮੰਡਲ 'ਚ ਜਗ੍ਹਾ ਦਿੱਤੀ ਜਾਵੇਗੀ। ਵਿਕਰਮਾਦਿਤਿਆ (ਪ੍ਰਤਿਭਾ ਦਾ ਬੇਟਾ) ਸਾਡਾ ਛੋਟਾ ਭਰਾ ਹੈ, ਉਹ ਵਿਧਾਇਕ ਹੈ, ਉਸ ਨੂੰ ਵੀ ਕੈਬਨਿਟ ਦਾ ਅਹੁਦਾ ਮਿਲੇਗਾ।


ਸੁੱਖੂ ਮੁੱਖ ਮੰਤਰੀ ਬਣਦੇ ਹੀ ਐਕਸ਼ਨ ਮੋਡ ਵਿੱਚ ਆ ਗਏ


ਸੁਖਵਿੰਦਰ ਸਿੰਘ ਸੁੱਖੂ ਸੋਮਵਾਰ ਨੂੰ ਆਪਣੇ ਅਹੁਦੇ ਦਾ ਚਾਰਜ ਸੰਭਾਲਦੇ ਹੀ ਐਕਸ਼ਨ ਮੋਡ ਵਿੱਚ ਆ ਗਏ ਹਨ। ਸੁੱਖੂ ਨੇ ਜੈਰਾਮ ਸਰਕਾਰ ਵੱਲੋਂ 1 ਅਪ੍ਰੈਲ, 2022 ਤੋਂ ਬਾਅਦ ਲਏ ਗਏ ਸਾਰੇ ਫੈਸਲਿਆਂ ਨੂੰ ਰੱਦ ਕਰ ਦਿੱਤਾ ਅਤੇ ਉਨ੍ਹਾਂ 'ਤੇ ਮੁੜ ਵਿਚਾਰ ਕਰਨ ਦੇ ਨਿਰਦੇਸ਼ ਦਿੱਤੇ।