Lok Sabha Election 224: ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ। ਸੱਤਵੇਂ ਅਤੇ ਆਖਰੀ ਪੜਾਅ 'ਚ ਹਿਮਾਚਲ ਪ੍ਰਦੇਸ਼ ਦੀਆਂ ਚਾਰ ਸੀਟਾਂ 'ਤੇ ਚੋਣਾਂ ਹੋਣੀਆਂ ਹਨ। ਲੋਕ ਸਭਾ ਚੋਣਾਂ ਦੇ ਨਾਲ-ਨਾਲ ਸੂਬੇ ਦੇ 6 ਵਿਧਾਨ ਸਭਾ ਹਲਕਿਆਂ 'ਚ ਜ਼ਿਮਨੀ ਚੋਣਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਆਗੂ ਆਪਣੀ ਪਾਰਟੀ ਵਫ਼ਾਦਾਰੀ ਨੂੰ ਭੁੱਲ ਕੇ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋ ਰਹੇ ਹਨ। ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਖ਼ਿਲਾਫ਼ ਬਗਾਵਤ ਕਰਨ ਵਾਲੇ ਛੇ ਬਾਗੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਆਪਣਾ ਕੁਨਬਾ ਵਧਾ ਲਿਆ ਹੈ। ਇਸ ਨੂੰ ਹਿਮਾਚਲ ਭਾਜਪਾ ਦੇ ਆਪਰੇਸ਼ਨ ਲੋਟਸ ਦੀ ਦਿਸ਼ਾ 'ਚ ਵੱਡਾ ਕਦਮ ਮੰਨਿਆ ਜਾ ਰਿਹਾ ਹੈ।


ਚੋਣਾਂ ਤੋਂ ਪਹਿਲਾਂ ਭਾਜਪਾ ਦਾ ਕੁਨਬਾ ਵਧਿਆ


ਜ਼ਿਕਰ ਕਰ ਦਈਏ ਕਿ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਮਾਰਗ 'ਤੇ ਸਥਿਤ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਛੇ ਸਾਬਕਾ ਵਿਧਾਇਕਾਂ ਨੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਲੈ ਲਈ ਹੈ। ਵਿਧਾਨ ਸਭਾ ਵੱਲੋਂ ਬਾਗੀ ਕਾਂਗਰਸੀ ਆਗੂਆਂ ਦੀ ਮੈਂਬਰਸ਼ਿਪ ਪਹਿਲਾਂ ਹੀ ਰੱਦ ਕੀਤੀ ਜਾ ਚੁੱਕੀ ਹੈ। ਦਿੱਲੀ 'ਚ ਧਰਮਸ਼ਾਲਾ ਤੋਂ ਸੁਧੀਰ ਸ਼ਰਮਾ, ਸੁਜਾਨਪੁਰ ਤੋਂ ਰਜਿੰਦਰ ਰਾਣਾ, ਲਾਹੌਲ ਸਪਿਤੀ ਤੋਂ ਰਵੀ ਠਾਕੁਰ, ਬਡਸਰ ਤੋਂ ਇੰਦਰਦੱਤ ਲਖਨਪਾਲ, ਗਗਰੇਟ ਤੋਂ ਚੈਤੰਨਿਆ ਸ਼ਰਮਾ ਅਤੇ ਕੁਟਲਹਾਰ ਤੋਂ ਦੇਵੇਂਦਰ ਕੁਮਾਰ ਭੁੱਟੋ ਭਾਜਪਾ 'ਚ ਸ਼ਾਮਲ ਹੋਏ ਹਨ।


ਸ਼ਾਮਲ ਹੋਣ ਸਮੇਂ ਭਾਜਪਾ ਦੇ ਚੋਟੀ ਦੇ ਆਗੂ ਮੌਜੂਦ


ਭਾਰਤੀ ਜਨਤਾ ਪਾਰਟੀ ਵਿੱਚ ਨਵੇਂ ਆਗੂਆਂ ਦੇ ਸ਼ਾਮਲ ਹੋਣ ਸਮੇਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਅਤੇ ਹਿਮਾਚਲ ਭਾਜਪਾ ਦੇ ਪ੍ਰਧਾਨ ਡਾਕਟਰ ਰਾਜੀਵ ਬਿੰਦਲ ਸਮੇਤ ਕਈ ਹੋਰ ਵੱਡੇ ਆਗੂ ਵੀ ਮੌਜੂਦ ਸਨ। ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਇਨ੍ਹਾਂ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਆਪਣਾ ਵਿਸ਼ਵਾਸ ਪ੍ਰਗਟਾਇਆ ਹੈ। ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਦਾਅਵਾ ਕੀਤਾ ਹੈ ਕਿ ਨਰਿੰਦਰ ਮੋਦੀ ਦੇਸ਼ ਵਿੱਚ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ ਅਤੇ ਇਸ ਦੇ ਨਾਲ ਹੀ ਹਿਮਾਚਲ ਵਿੱਚ ਵੀ ਭਾਜਪਾ ਦੀ ਸਰਕਾਰ ਬਣੇਗੀ।