Hockey Player Sharmila Godara House Theft : ਹਰਿਆਣਾ ਦੇ ਹਿਸਾਰ ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਸ਼ਹਿਰ ਵਿੱਚ ਨਿੱਤ ਦਿਨ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਅਤੇ ਇਸ ਦੌਰਾਨ ਇਸ ਵਾਰ ਚੋਰਾਂ ਦਾ ਸ਼ਿਕਾਰ ਭਾਰਤੀ ਹਾਕੀ ਟੀਮ ਦੀ  ਖਿਡਾਰਣ ਤੇ ਓਲੰਪੀਅਨ ਸ਼ਰਮੀਲਾ ਗੋਦਾਰਾ ਦਾ ਪਰਿਵਾਰ ਹੋਇਆ ਹੈ। ਚੋਰਾਂ ਨੇ ਅੱਜ ਤੜਕੇ ਕਰੀਬ 3 ਵਜੇ ਹਨੇਰੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਘਟਨਾ ਦੇ ਸਮੇਂ ਪਰਿਵਾਰ ਘਰ 'ਚ ਹੀ ਸੁੱਤਾ ਪਿਆ ਸੀ ਪਰ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਘਰ 'ਚ ਚੋਰੀ ਹੋ ਰਹੀ ਹੈ।



ਇਸ ਚੋਰੀ ਦੀ ਘਟਨਾ ਸਬੰਧੀ ਸ਼ਰਮੀਲਾ ਗੋਦਾਰਾ ਦੇ ਭਰਾ ਮਾਨ ਸਿੰਘ ਨੇ ਦੱਸਿਆ ਕਿ ਚੋਰ ਉਸ ਦੇ ਚਾਚੇ ਦੇ ਘਰੋਂ ਵੀ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਅਤੇ ਚਾਚੀ ਅਤੇ ਦਾਦੀ ਦੇ ਸਾਰੇ ਗਹਿਣੇ ਵੀ ਚੋਰੀ ਕਰਕੇ ਲੈ ਗਏ ਹਨ। ਜਦੋਂ ਸਵੇਰੇ 5 ਵਜੇ ਚਾਚੇ ਨੇ ਸਾਨੂੰ ਫੋਨ ਕੀਤਾ ਤਾਂ ਪਤਾ ਲੱਗਾ ਕਿ ਚੋਰੀ ਹੋ ਚੁੱਕੀ ਹੈ। ਉਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਅਤੇ ਐਫਐਸਐਲ ਟੀਮ ਨੇ ਫਿੰਗਰ ਪ੍ਰਿੰਟ ਆਦਿ ਦੀ ਜਾਂਚ ਕੀਤੀ। ਅਸੀਂ ਸਾਰੇ ਘਰ ਵਿਚ ਸੁੱਤੇ ਪਏ ਸੀ, ਕਿਸੇ ਨੂੰ ਪਤਾ ਨਹੀਂ ਸੀ। ਸਾਨੂੰ ਕੁਝ ਪਤਾ ਨਹੀਂ ਲੱਗਾ , ਅਜਿਹਾ ਲੱਗਿਆ ਕਿ ਕੋਈ ਦਵਾਈ ਸੁੰਘਾਈ ਗਈ ਹੈ। ਚੋਰਾਂ ਨੇ ਪਿਛਲੇ ਗੇਟ ਅਤੇ ਸੰਦੂਕ ਦੇ ਤਾਲੇ ਤੋੜੇ ਹਨ।

ਓਥੇ ਹੀ ਆਪਣੇ ਘਰ 'ਚ ਹੋਈ ਚੋਰੀ ਬਾਰੇ ਹਾਕੀ ਖਿਡਾਰਨ ਸ਼ਰਮੀਲਾ ਗੋਦਾਰਾ ਨੇ ਦੱਸਿਆ ਕਿ ਮੇਰੇ ਘਰ 'ਚੋਂ ਕਰੀਬ 2 ਲੱਖ ਦੀ ਨਕਦੀ ਅਤੇ 8 ਤੋਂ 9 ਤੋਲੇ ਸੋਨਾ ਚੋਰੀ ਹੋ ਗਿਆ ਹੈ। ਇਸ ਦੇ ਨਾਲ ਹੀ ਉਸ ਦੇ ਬੈਗ ਵਿੱਚੋਂ ਇੱਕ ਸੋਨੇ ਦੀ ਮੁੰਦਰੀ ਵੀ ਚੋਰੀ ਹੋ ਗਈ ਹੈ ਅਤੇ ਉਸ ਦਾ ਮੈਡਲ ਜਾਂ ਕੋਈ ਵੀ ਚੀਜ਼ ਗਾਇਬ ਨਹੀਂ ਹੋਈ ਹੈ ਸਗੋਂ ਚੋਰ ਪਰਿਵਾਰਕ ਮੈਂਬਰਾਂ ਦੇ ਗਹਿਣੇ ਚੋਰੀ ਕਰਕੇ ਲੈ ਗਏ ਹਨ। ਮੈਂ ਅਤੇ ਮੇਰਾ ਪਰਿਵਾਰ ਘਰ ਵਿਚ ਸੌਂ ਰਹੇ ਸੀ ਪਰ ਕਿਸੇ ਨੂੰ ਪਤਾ ਨਹੀਂ ਲੱਗਾ। ਸਾਨੂੰ ਲੱਗਦਾ ਹੈ ਕਿ ਕੋਈ ਦਵਾਈ ਸੁੰਘਾਈ ਗਈ ਸੀ ਜਾਂ ਫ਼ਿਰ ਕੂਲਰ ਦੇ ਅੱਗੇ ਕੋਈ ਸਪਰੇਅ ਕੀਤੀ ਗਈ ਹੋਵੇਗੀ।