ਲਖਨਊ : ਸੌਦਾ ਸਾਧ ਦੀ ਅਖੌਤੀ ਫ਼ਰਾਰ ਧੀ ਹਨਪ੍ਰੀਤ ਦੀ ਫ਼ੋਟੋ ਨੇਪਾਲ ਸਰਹੱਦ ਨਾਲ ਲਗਦੇ ਥਾਣਿਆਂ ਵਿਚ ਲਾ ਦਿਤੀ ਗਈ ਹੈ ਅਤੇ ਪੁਲਿਸ ਨੂੰ ਚੌਕਸ ਰਹਿਣ ਦੇ ਹੁਕਮ ਦਿਤੇ ਗਏ ਹਨ ਤਾਕਿ ਉਹ ਗੁਆਂਢੀ ਦੇਸ਼ ਨੇਪਾਲ 'ਚ ਨਾ ਵੜ ਸਕੇ।

ਸਿਧਾਰਥਨਗਰ ਦੇ ਪੁਲਿਸ ਕਮਿਸ਼ਨਰ ਸਤੇਂਦਰ ਕੁਮਾਰ ਨੇ ਦਸਿਆ ਕਿ ਨੇਪਾਲ ਦੀ ਸਰਹੱਦ ਨਾਲ ਲਗਦੇ ਕਈ ਥਾਣਿਆਂ ਨੂੰ ਚੌਕਸ ਕਰ ਦਿਤਾ ਗਿਆ ਹੈ ਅਤੇ ਥਾਣਿਆਂ 'ਚ ਉਸ ਦੀ ਫ਼ੋਟੋ ਲਾ ਦਿਤੀ ਗਈ ਹੈ। ਖ਼ੁਫ਼ੀਆ ਵਿਭਾਗ ਦੇ ਕਰਮਚਾਰੀਆਂ ਨੂੰ ਵੀ ਇਸ ਕੰਮ ਵਿਚ ਲਾਇਆ ਗਿਆ ਹੈ ਅਤੇ ਖ਼ਾਸਕਰ 30 ਤੋਂ 35 ਸਾਲ ਦੀਆਂ ਮਾਡਰਨ ਔਰਤਾਂ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ ਜਿਹੜੀਆਂ ਨੇਪਾਲ ਵਲ ਜਾਣਾ ਚਾਹੁੰਦੀਆਂ ਹੋਣ।

[embed]https://twitter.com/ANINewsUP/status/906923014721122304[/embed]

ਸੂਤਰਾਂ ਨੇ ਦਸਿਆ ਕਿ ਪੁਲਿਸ ਨੇ ਨੇਪਾਲ ਦੀ ਸਰਹੱਦ ਨਾਲ ਲਗਦੇ ਯੂਪੀ ਦੇ ਮਹਾਰਾਜਗੰਜ, ਲਖੀਮਪੁਰ ਖੀਰੀ ਅਤੇ ਬਰਾਇਚ ਜ਼ਿਲ੍ਹਿਆਂ ਦੀ ਪੁਲਿਸ ਨੂੰ ਵੀ ਹਨੀਪ੍ਰੀਤ ਬਾਬਤ ਚੌਕਸ ਕੀਤਾ ਹੈ। ਸੂਬੇ ਦੀ ਕਰੀਬ 599 ਕਿਲੋਮੀਟਰ ਸਰਹੱਦ ਨੇਪਾਲ ਨਾਲ ਲਗਦੀ ਹੈ ਜਿਸ 'ਚ ਸੱਤ ਜ਼ਿਲ੍ਹੇ ਆਉਂਦੇ ਹਨ। ਹਰਿਆਣਾ ਪੁਲਿਸ ਹਾਲ ਹੀ ਵਿਚ ਹਨੀਪ੍ਰੀਤ ਦੀ ਭਾਲ 'ਚ ਲਖੀਮਪੁਰ ਖੀਰੀ ਗਈ ਸੀ ਕਿਉਂਕਿ ਸ਼ੱਕ ਸੀ ਕਿ ਉਹ ਇਸ ਰਸਤੇ ਨੇਪਾਲ ਜਾ ਸਕਦੀ ਹੈ। ਪੁਲਿਸ ਅਧਿਕਾਰੀ ਘਣਸ਼ਿਆਮ ਚੌਰਸੀਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਹਰਿਆਣਾ ਪੁਲਿਸ ਦੇ ਦੋ ਜਵਾਨ ਜਾਂਚ ਪੜਤਾਲ ਕਰਨ ਆਏ ਸਨ ਪਰ ਉਨ੍ਹਾਂ ਨੂੰ ਕੋਈ ਸੁਰਾਗ਼ ਨਹੀਂ ਮਿਲਿਆ ਤੇ ਉਹ ਵਾਪਸ ਚਲੇ ਗਏ।

ਪੁਲਿਸ ਅਧਿਕਾਰੀ ਨੇ ਦਸਿਆ ਕਿ ਸਰਹੱਦ ਤੋਂ ਪੰਜਾਬ ਦੇ ਨੰਬਰ ਵਾਲਾ ਲਾਵਾਰਸ ਵਾਹਨ ਮਿਲਿਆ ਸੀ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਵਾਹਨ ਹਨੀਪ੍ਰੀਤ ਦਾ ਤਾਂ ਨਹੀਂ? ਪੁਲਿਸ ਨੇ 1 ਸਤੰਬਰ ਨੂੰ ਹਨੀਪ੍ਰੀਤ ਵਿਰੁਧ ਲੁਕਆਊਟ ਨੋਟਿਸ ਜਾਰੀ ਕੀਤਾ ਸੀ।