ਚੰਡੀਗੜ੍ਹ: ਦੇਸ਼ ਭਰ ’ਚ 1 ਮਈ ਤੋਂ 18 ਤੋਂ 45 ਸਾਲ ਤੱਕ ਦੀ ਉਮਰ ਦੇ ਲੋਕਾਂ ਦੇ ਟੀਕਾਕਰਨ ਦੀ ਸ਼ੁਰੂਆਤ ਹੋਵੇਗੀ। ਵੈਕਸੀਨ ਲਗਵਾਉਣ ਲਈ 18 ਤੋਂ 45 ਸਾਲ ਉਮਰ ਵਰਗ ਦੇ ਲੋਕਾਂ ਨੂੰ ‘ਕੋਵਿਨ’ ਐਪ ਉੱਤੇ ਲਾਜ਼ਮੀ ਆੱਨਲਾਈਨ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਤੇ ਅਪੁਆਇੰਟਮੈਂਟ ਲੈਣੀ ਹੋਵੇਗੀ। ਇਹ ਰਜਿਸਟ੍ਰੇਸ਼ਨ 28 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ।


ਵੈਕਸੀਨੇਸ਼ਨ ਸੈਂਟਰ ਉੱਤੇ ਸਿੱਧੇ ਜਾ ਕੇ ਟੀਕਾ ਲਵਾਉਣ ਦੀ ਸੁਵਿਧਾ ਫ਼ਿਲਹਾਲ ਨਹੀਂ ਦਿੱਤੀ ਜਾਵੇਗੀ। ਅਧਿਕਾਰਤ ਸੂਤਰਾਂ ਅਨੁਸਾਰ ਸਰਕਾਰ ਨੂੰ ਇਸ ਤੀਜੇ ਗੇੜ ਵਿੱਚ ਟੀਕਾਕਰਣ ’ਚ ਵੱਡੇ ਉਛਾਲ ਦੀ ਆਸ ਹੈ, ਜਦ ਕਿ ਸਪਲਾਈ ਸੀਮਤ ਹੈ। ਆਨਲਾਈਨ ਟੀਕਾਕਰਣ ਕੇਂਦਰ ਉੱਤੇ ਭੀੜ ਘੱਟ ਹੋਣ ਦੀ ਵੀ ਆਸ ਹੈ। ਇੱਕ ਸੀਨੀਅਰ ਅਧਿਕਾਰੀ ਅਨੁਸਾਰ ਤੀਜੇ ਗੇੜ ਦਾ ਮਤਲਬ ਹੈ ਬਹੁਤ ਵੱਡੀ ਗਿਣਤੀ ’ਚ ਲੋਕ ਅਤੇ ਇਸ ਨੂੰ ਬਿਨਾ ਕਿਸੇ ਠੋਸ ਯੋਜਨਾਬੰਦੀ ਦੇ ਲਾਗੂ ਨਹੀਂ ਕੀਤਾ ਜਾ ਸਕਦਾ।


ਭਾਰਤ ’ਚ ਸਨਿੱਚਰਵਾਰ ਸ਼ਾਮ 8:00 ਵਜੇ ਤੱਕ ਕੋਵਿਡ-19 ਟੀਕਿਆਂ ਦੀਆਂ 14 ਕਰੋੜ ਤੋਂ ਵੱਧ ਡੋਜ਼ ਦਿੱਤੀਆਂ ਜਾ ਚੁੱਕੀਆਂ ਸਨ। ਸਨਿੱਚਰਵਾਰ ਨੂੰ 24.22 ਲੱਖ ਡੋਜ਼ ਦਿੱਤੀਆਂ ਗਈਆਂ। ਹੁਣ ਤੱਕ ਵੈਕਸੀਨੇਸ਼ਨ ’ਚ ਵੱਡੀ ਗਿਣਤੀ ਸੈਂਟਰ ਉੱਤੇ ਸਿੱਧੇ ਜਾ ਕੇ ਟੀਕਾ ਲਗਵਾਉਣ ਵਾਲਿਆਂ ਦੀ ਰਹੀ ਹੈ। ਸਨਿੱਚਰਵਾਰ ਤੱਕ ਕੁੱਲ 12 ਕਰੋੜ 21 ਲੱਖ ਰਜਿਸਟ੍ਰੇਸ਼ਨਜ਼ ਵਿੱਚੋਂ 68 ਫ਼ੀਸਦੀ ਤੋਂ ਵੱਧ ਨੇ ਸਿੱਧੇ ਜਾ ਕੇ ਟੀਕੇ ਲਗਵਾਏ ਅਤੇ ਸਿਰਫ਼ 11.6 ਫ਼ੀਸਦੀ ਨੇ ਟੀਕਾਕਰਣ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਵਾਈ ਸੀ।


ਇਨ੍ਹਾਂ ਦੋ ਵਰਗਾਂ ਤੋਂ ਇਲਾਵਾ 2.43 ਕਰੋੜ ਹੈਲਥ ਤੇ ਫ਼੍ਰੰਟਲਾਈਨ ਵਰਕਰਜ਼ ਨੂੰ ਵੀ ਸਰਕਾਰਾਂ ਵੱਲੋਂ ਰਜਿਸਟਰਡ ਕੀਤਾ ਗਿਆ ਹੈ ਤੇ ਉਨ੍ਹਾਂ ਦਾ ਡਾਟਾ ਕੋਵਿਨ ਸਿਸਟਮ ਵਿੱਚ ਪਾਇਆ ਗਿਆ ਸੀ।


ਕੇਂਦਰ ਨੇ ਤੀਜੇ ਗੇੜ ਦੇ ਟੀਕਾਕਰਨ ਲਈ ਰਾਜਾਂ ਨੂੰ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨ ਤੇ ਕੁਝ ਸੁਝਾਅ ਦਿੰਦਿਆਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਰਾਜਾਂ ਤੋਂ 18-45 ਸਾਲ ਉਮਰ ਵਰਗ ਲਈ ਕੇਵਲ ਆਨਲਾਈਨ ਰਜਿਸਟ੍ਰੇਸ਼ਨ ਹੋਣ ਦਾ ਪ੍ਰਚਾਰ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਕੇਂਦਰ ਨੇ ਸੁਝਾਅ ਦਿੱਤਾ ਕਿ ਰਾਜਾਂ ਨੂੰ ਨਿਜੀ ਹਸਪਤਾਲਾਂ, ਉਦਯੋਗਿਕ ਅਦਾਰਿਆਂ ਤੇ ਉਦਯੋਗਿਕ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਨਿਜੀ ਟੀਕਾਕਰਣ ਕੇਂਦਰਾਂ ਦੀ ਗਿਣਤੀ ਨੂੰ ਵਧਾਉਣਾ ਚਾਹੀਦਾ ਹੈ।


ਕੇਂਦਰ ਨੇ ਰਾਜਾਂ ਨੂੰ ਉਨ੍ਹਾਂ ਹਸਪਤਾਲਾਂ ਦੀ ਨਿਗਰਾਨੀ ਰੱਖਣ ਲਈ ਵੀ ਕਿਹਾ, ਜੋ ਟੀਕੇ ਖ਼ਰੀਦ ਚੁੱਕੇ ਹਨ ਤੇ ਕੋਵਿਨ ਐਪ ਉੱਤੇ ਸਟੌਕ ਤੇ ਕੀਮਤ ਡਿਕਲੇਅਰ ਕੀਤੀ ਹੈ।