ਝੱਜਰ: ਹਰਿਆਣਾ ਦੇ ਝੱਜਰ ਵਿੱਚ ਇੱਕ ਫੈਕਟਰੀ ਵਿੱਚੋਂ ਅਮੋਨੀਆ ਗੈਸ ਲੀਕ ਹੋਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਹਾਦਸੇ ਤੋਂ ਬਾਅਦ ਕਈ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ। ਕੁਝ ਲੋਕਾਂ ਨੇ ਉਲਟੀਆਂ ਦੀ ਸ਼ਿਕਾਇਤ ਵੀ ਕੀਤੀ। ਇਸ ਤੋਂ ਬਾਅਦ ਕਈ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ।


ਫੈਕਟਰੀ ਦੇ ਪੂਰੇ ਸਟਾਫ ਨੂੰ ਬਾਹਰ ਕੱਢ ਲਿਆ ਗਿਆ ਹੈ। ਇਹਤਿਆਤ ਵਜੋਂ ਪ੍ਰਸ਼ਾਸਨ ਨੇ ਪੂਰੇ ਇਲਾਕੇ ਨੂੰ ਖਾਲੀ ਕਰਵਾ ਲਿਆ ਹੈ। ਵਾਯੂਮੰਡਲ ਵਿੱਚ ਫੈਲੀ ਗੈਸ ਨੂੰ ਕਾਬੂ ਕਰਨ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੋਂ ਮੌਕੇ 'ਤੇ ਹੀ ਪਾਣੀ ਦਾ ਛਿੜਕਾਅ ਕੀਤਾ।


ਹਾਸਲ ਜਾਣਕਾਰੀ ਮੁਤਾਬਕ ਕੱਥਾ ਬਣਾਉਣ ਵਾਲੀ ਫੈਕਟਰੀ ਦੀ ਟੈਂਕੀ ਦੇ ਪਾਈਪ ਵਿੱਚੋਂ ਅਮੋਨੀਆ ਗੈਸ ਲੀਕ ਹੋ ਗਈ। ਘਟਨਾ ਤੋਂ ਬਾਅਦ ਪੁਲਿਸ-ਪ੍ਰਸ਼ਾਸ਼ਨ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਸੂਚਨਾ ਮਿਲਦੇ ਹੀ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਜਗਨੀਵਾਸ ਅਤੇ ਡੀਐਸਪੀ ਰਾਹੁਲ ਦੇਵ ਸ਼ਰਮਾ ਤੋਂ ਇਲਾਵਾ ਹੋਰ ਪ੍ਰਸ਼ਾਸਨਿਕ ਅਧਿਕਾਰੀ ਤੇ ਕਰਮਚਾਰੀ ਮੌਕੇ ’ਤੇ ਪਹੁੰਚ ਗਏ।


ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਸੂਬੇ ਦੀ ਸਾਬਕਾ ਸਿੱਖਿਆ ਮੰਤਰੀ ਅਤੇ ਗੀਤਾ ਭੁੱਕਲ ਮੌਕੇ 'ਤੇ ਪਹੁੰਚ ਗਏ। ਉਥੇ ਸਥਿਤੀ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਮੌਕੇ 'ਤੇ ਮੌਜੂਦ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਇਲਾਕੇ ਵਿੱਚ ਫੈਕਟਰੀ ਅੰਦਰ ਜਿਸ ਤਰ੍ਹਾਂ ਅਮੋਨੀਆ ਗੈਸ ਲੀਕ ਹੋਈ ਹੈ, ਉਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਪੁਖਤਾ ਪ੍ਰਬੰਧ ਕਰੇ ਤਾਂ ਜੋ ਇਸ ਤਰ੍ਹਾਂ ਦੀ ਘਟਨਾ ਮੁੜ ਨਾ ਵਾਪਰੇ। ਉਨ੍ਹਾਂ ਇਸ ਮਾਮਲੇ ਵਿੱਚ ਲੋਕਾਂ ਨੂੰ ਸੰਜਮ ਵਰਤਣ ਲਈ ਵੀ ਕਿਹਾ ਹੈ।


ਮੌਕੇ 'ਤੇ ਮੌਜੂਦ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਜਗਨੀਵਾਸ ਦਾ ਕਹਿਣਾ ਹੈ ਕਿ ਫਿਲਹਾਲ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਗੈਸ ਦੀ ਲੀਕੇਜ ਨੂੰ ਰੋਕਿਆ ਜਾਵੇ ਅਤੇ ਇਸ ਤੋਂ ਪ੍ਰਭਾਵਿਤ ਲੋਕਾਂ ਦਾ ਇਲਾਜ ਕੀਤਾ ਜਾਵੇ। ਸਾਵਧਾਨੀ ਦੇ ਤੌਰ 'ਤੇ ਫੈਕਟਰੀ ਦੇ ਆਲੇ-ਦੁਆਲੇ ਦੇ ਖੇਤਰ ਨੂੰ ਖਾਲੀ ਕਰਵਾ ਲਿਆ ਗਿਆ ਹੈ। ਤਾਂ ਜੋ ਲੋਕ ਇਸ ਗੈਸ ਦੇ ਲੀਕੇਜ ਤੋਂ ਪ੍ਰਭਾਵਿਤ ਨਾ ਹੋਣ।


ਇਹ ਵੀ ਪੜ੍ਹੋ: IPL 2022: ਵਾਰਨਰ ਨੇ 42 ਦੌੜਾਂ ਦੀ ਪਾਰੀ ਦੌਰਾਨ ਰਚਿਆ ਇਤਿਹਾਸ, ਇਹ ਕਾਰਨਾਮਾ ਕਰਨ ਵਾਲੇ ਲੀਗ ਦੇ ਪਹਿਲੇ ਖਿਡਾਰੀ ਬਣੇ