ਪੇਈਚਿੰਗ: ਕੋਰੋਨਾ ਦੇ ਕਹਿਰ ਵਿੱਚ ਘਿਰੇ ਭਾਰਤ ਨੇ ਆਖਰ ਗੁਆਂਢੀ ਮੁਲਕ ਚੀਨ ਤੋਂ ਮਦਦ ਮੰਗ ਲਈ ਹੈ। ਚੀਨ ਨੇ ਮਦਦ ਦੀ ਪੇਸ਼ਕਸ਼ ਕੀਤੀ ਸੀ ਪਰ ਭਾਰਤ ਵੱਲੋਂ ਕੋਈ ਪ੍ਰਤੀਕਰਮ ਨਹੀਂ ਆਇਆ ਸੀ। ਹਾਲਾਤ ਵਿਗੜਦੇ ਵੇਖ ਆਖਰ ਭਾਰਤ ਨੇ ਕੋਵਿਡ-19 ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਚੀਨ ਤੋਂ ਮਦਦ ਮੰਗੀ ਹੈ। ਭਾਰਤ ਦਾ ਕਹਿਣਾ ਹੈ ਕਿ ਚੀਨ ਭਾਰਤੀ ਕਾਰੋਬਾਰੀਆਂ ਵੱਲੋਂ ਚੀਨੀ ਉਤਪਾਦਕਾਂ ਤੋਂ ਖਰੀਦੀਆਂ ਜਾਣ ਵਾਲੀਆਂ ਜ਼ਰੂਰੀ ਮੈਡੀਕਲ ਵਸਤਾਂ ਦੀ ਕੀਮਤ ਘਟਾਉਣ ’ਚ ਮਦਦ ਕਰੇ। ਭਾਰਤ ਨੇ ਨਾਲ ਹੀ ਕਿਹਾ ਕਿ ਚੀਨ ਮੈਡੀਕਲ ਵਸਤਾਂ ਦੀ ਸਪਲਾਈ ਚੇਨ ਬਰਕਰਾਰ ਰੱਖਣ ਲਈ ਕਾਰਗੋ ਹਵਾਈ ਸੇਵਾ ਦੀ ਆਵਾਜਾਈ ਵੀ ਬਹਾਲ ਕਰੇ।


ਹਾਂਗਕਾਂਗ ’ਚ ਭਾਰਤੀ ਕੌਂਸਲ ਜਨਰਲ ਪ੍ਰਿਯੰਕਾ ਚੌਹਾਨ ਨੇ ਕਿਹਾ ਕਿ ਆਕਸੀਜਨ ਕੰਸਨਟਰੇਟਰਾਂ ਵਰਗੀ ਮੈਡੀਕਲ ਸਪਲਾਈ ਦੀਆਂ ਵੱਧਦੀਆਂ ਕੀਮਤਾਂ ਤੇ ਭਾਰਤ ਆਉਣ ਵਾਲੇ ਕਾਰਗੋ ਜਹਾਜ਼ਾਂ ਦੀ ਆਵਾਜਾਈ ਰੁਕਣ ਕਾਰਨ ਮੈਡੀਕਲ ਵਸਤਾਂ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਸਾਊਥ ਚਾਈਨਾ ਮੌਰਨਿੰਗ ਪੋਸਟ ਨਾਲ ਗੱਲਬਾਤ ਕਰਦਿਆਂ ਚੌਹਾਨ ਨੇ ਕਿਹਾ, ‘ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇਸ ਸਮੇਂ ਸਾਡੀ ਜ਼ਰੂਰਤ ਇਹ ਹੈ ਕਿ ਸਪਲਾਈ ਚੇਨ ਖੁੱਲ੍ਹੀ ਰਹੇ ਅਤੇ ਉਤਪਾਦ ਕੀਮਤਾਂ ਸਥਿਰ ਰਹਿਣ।’

ਉਨ੍ਹਾਂ ਕਿਹਾ, ‘ਬੇਸ਼ਕ ਸਪਲਾਈ-ਮੰਗ ਦਾ ਥੋੜ੍ਹਾ ਦਬਾਅ ਹੈ ਪਰ ਉਤਪਾਦ ਕੀਮਤਾਂ ’ਚ ਕੁਝ ਸਥਿਰਤਾ ਤੇ ਭਵਿੱਖੀ ਕੀਮਤਾਂ ਬਾਰੇ ਕੋਈ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਸਰਕਾਰੀ ਪੱਧਰ ’ਤੇ ਹਮਾਇਤ ਤੇ ਕੋਸ਼ਿਸ਼ਾਂ ਵੀ ਦਿਖਾਈ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕੋਲ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਚੀਨੀ ਸਰਕਾਰ ਦਾ ਇਸ ਮਾਮਲੇ ’ਚ ਕਿੰਨਾ ਪ੍ਰਭਾਵ ਹੋ ਸਕਦਾ ਹੈ ਪਰ ਜੇਕਰ ਉਹ ਪ੍ਰਭਾਵ ਪਾ ਸਕਦੇ ਹਨ ਤਾਂ ਇਸ ਦਾ ਸਵਾਗਤ ਕੀਤਾ ਜਾਵੇਗਾ।

ਉਨ੍ਹਾਂ ਦੀਆਂ ਇਹ ਟਿੱਪਣੀਆਂ ਭਾਰਤ ਵੱਲੋਂ ਮੈਡੀਕਲ ਸਪਲਾਈ ਤੇ ਖਾਸ ਕਰਕੇ ਆਕਸੀਜਨ ਕੰਸਨਟਰੇਟਰਾਂ ਦੀ ਦਰਾਮਦ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਰਮਿਆਨ ਆਈ ਹੈ ਤਾਂ ਜੋ ਹਸਪਤਾਲਾਂ ’ਚ ਹੋ ਰਹੀ ਆਕਸੀਜਨ ਦੀ ਘਾਟ ਦੂਰ ਕੀਤੀ ਜਾ ਸਕੇ।

ਜ਼ਿਕਰਯੋਗ ਹੈ ਕਿ ਸਿਚੁਆਨ ਏਅਰਲਾਈਨਜ਼ ਨੇ ਭਾਰਤ ’ਚ ਕਰੋਨਾਵਾਇਰਸ ਦੀ ਸਥਿਤੀ ਦਾ ਹਵਾਲਾ ਦੇ ਕੇ 26 ਅਪਰੈਲ ਨੂੰ 15 ਦਿਨਾਂ ਲਈ ਸਾਰੀਆਂ ਕਾਰਗੋ ਉਡਾਣਾਂ ’ਤੇ ਰੋਕ ਲਗਾ ਦਿੱਤੀ ਸੀ। ਏਅਰਲਾਈਨਜ਼ ਨੇ ਬਾਅਦ ਵਿੱਚ ਹਾਲਾਤ ਦੀ ਸਮੀਖਿਆ ਕਰਕੇ ਫ਼ੈਸਲਾ ਲੈਣ ਦੀ ਗੱਲ ਕਹੀ ਸੀ ਪਰ ਉਸ ਨੇ ਅਜੇ ਤੱਕ ਅਜਿਹਾ ਕੁਝ ਨਹੀਂ ਕੀਤਾ ਹੈ।

ਸੰਘਾਈ ’ਚ ਫਰਾਈਟ ਫਾਰਵਾਰਡਰਜ਼ ਨੇ ਕਿਹਾ ਕਿ ਸਿਚੁਆਨ ਏਅਰਲਾਈਨਜ਼ ਨੇ ਚੌਂਗਕਿੰਗ ਤੇ ਸ਼ਿਆਨ ਤੋਂ 17 ਮਈ ਤੋਂ ਦਿੱਲੀ ਤੱਕ ਆਪਣੇ ਤਿੰਨ ਕਾਰਗੋ ਜਹਾਜ਼ਾਂ ਦੀ ਆਵਾਜਾਈ ਬਹਾਲ ਕਰਨ ਦਾ ਐਲਾਨ ਕੀਤਾ ਹੈ। ਮੌਜੂਦਾ ਸਮੇਂ ਭਾਰਤ ਦੀ ਸਪਾਈਸਜੈੱਟ ਤੇ ਬਲੂ ਡਾਰਟ ਸਮੇਤ ਹੋਰ ਹਵਾਈ ਸੇਵਾਵਾਂ ਵੱਲੋਂ ਮਾਲ ਲਿਆਂਦਾ ਜਾ ਰਿਹਾ ਹੈ। ਇਹ ਸੇਵਾਵਾਂ ਭਾਰਤ ਤੋਂ ਖਾਲੀ ਜਹਾਜ਼ ਲਿਜਾ ਕੇ ਚੀਨ ਤੋਂ ਮੈਡੀਕਲ ਸਪਲਾਈ ਲਿਆਉਂਦੀਆਂ ਹਨ।