India-Canada Dispute: ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਕੈਨੇਡਾ ਨਾਲ ਪੈਦਾ ਹੋਏ ਵਿਵਾਦ ਵਿਚਾਲੇ ਭਾਰਤ ਵੱਡਾ ਦਾਅ ਖੇਡਣ ਜਾ ਰਿਹਾ ਹੈ। ਭਾਰਤ ਹੁਣ ਹਰਦੀਪ ਸਿੰਘ ਨਿੱਝਰ ਦੇ ਗਲੋਬਲ ਅੱਤਵਾਦੀ ਹੋਣ ਦੇ ਸਬੂਤ ਪੇਸ਼ ਕਰੇਗਾ। ਭਾਰਤ ਸਰਕਾਰ ਇਹ ਸਾਬਤ ਕਰੇਗੀ ਕਿ ਹਰਦੀਪ ਸਿੰਘ ਨਿੱਝਰ ਕੈਨੇਡਾ ਵਿੱਚ ਬੈਠ ਕੇ ਅੱਤਵਾਦੀਆਂ ਕਾਰਵਾਈਆਂ ਕਰਵਾ ਰਿਹਾ ਸੀ। 




ਹਾਸਲ ਜਾਣਕਾਰੀ ਮੁਤਾਬਕ ਭਾਰਤ ਹੁਣ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੇ ਅੱਤਵਾਦੀ ਹੋਣ ਦੇ ਸਬੂਤ ਦੇਵੇਗਾ। ਨਿੱਝਰ ਖਾਲਿਸਤਾਨੀ ਟਾਈਗਰ ਫੋਰਸ ਦਾ ਮੁਖੀ ਸੀ। ਐਨਆਈਏ ਦੀ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹ ਅੱਤਵਾਦੀਆਂ ਕਾਰਵਾਈਆਂ ਵਿੱਚ ਸ਼ਾਮਲ ਸੀ। ਐਨਆਈਏ ਮੁਤਾਬਕ ਕੈਨੇਡਾ ਵਿੱਚ ਸ਼ਰਨ ਲੈ ਚੁੱਕੇ ਅਰਸ਼ਦੀਪ ਉਰਫ਼ ਅਰਸ਼ ਡੱਲਾ ਤੇ ਹਰਦੀਪ ਸਿੰਘ ਨਿੱਝਰ ਕੈਨੇਡਾ ਤੋਂ ‘ਟੈਰਰ ਕੰਪਨੀ’ ਚਲਾ ਰਹੇ ਸਨ। ਭਾਰਤ ਸਰਕਾਰ ਨੇ ਅਰਸ਼ ਡੱਲਾ ਤੇ ਹਰਦੀਪ ਸਿੰਘ ਨਿੱਝਰ ਨੂੰ ਗਲੋਬਲ ਅੱਤਵਾਦੀ ਐਲਾਨਦੇ ਹੋਏ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਸੀ।


ਭਾਰਤ ਸਰਕਾਰ ਨੇ ਗਜ਼ਟ ਨੋਟੀਫਿਕੇਸ਼ਨ S.O. 105(E) ਜਾਰੀ ਕਰਕੇ ਕੈਨੇਡਾ ਵਿੱਚ ਬੈਠੇ ਅਰਸ਼ਦੀਪ ਉਰਫ਼ ਅਰਸ਼ ਡੱਲਾ ਨੂੰ ਖਾਲਿਸਤਾਨ ਟਾਈਗਰ ਫੋਰਸ ਦਾ ਅੱਤਵਾਦੀ ਐਲਾਨਿਆ ਗਿਆ ਸੀ। ਨੋਟੀਫਿਕੇਸ਼ਨ ਵਿੱਚ ਸਰਕਾਰ ਨੇ ਕਿਹਾ ਕਿ ਕੈਨੇਡਾ ਵਿੱਚ ਰਹਿ ਰਿਹਾ ਅਰਸ਼ਦੀਪ ਉਰਫ਼ ਅਰਸ਼ ਡੱਲਾ ਟਾਰਗੇਟ ਕਿਲਿੰਗ, ਜਬਰੀ ਵਸੂਲੀ, ਟੈਰਰ ਫੰਡਿੰਗ, ਕਤਲ ਦੀ ਕੋਸ਼ਿਸ਼, ਵੱਖ-ਵੱਖ ਭਾਈਚਾਰਿਆਂ ਵਿੱਚ ਨਫ਼ਰਤ ਫੈਲਾਉਣ ਤੇ ਪੰਜਾਬ ਦੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਵਿੱਚ ਲੱਗਾ ਹੋਇਆ ਹੈ। ਇਹ ਵੀ ਕਿਹਾ ਗਿਆ ਹੈ ਕਿ ਅਰਸ਼ਦੀਪ ਇੱਕ ਹੋਰ ਐਲਾਨੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਦਾ ਬਹੁਤ ਕਰੀਬੀ ਹੈ।


ਐਨਆਈਏ ਨੇ ਆਪਣੀ ਚਾਰਜਸ਼ੀਟ 'ਚ ਕਿਹਾ ਹੈ ਕਿ ਅਰਸ਼ ਢੱਲਾ ਹਰਦੀਪ ਸਿੰਘ ਨਿੱਝਰ ਨਾਲ ਮਿਲ ਕੇ ਵੱਡੇ ਪੱਧਰ 'ਤੇ ਕਤਲ, ਟਾਰਗੇਟ ਕਿਲਿੰਗ, ਟੈਰਰ ਫੰਡਿੰਗ, ਨਸ਼ਿਆਂ ਤੇ ਹਥਿਆਰਾਂ ਦੀ ਸਰਹੱਦ ਪਾਰ ਤੋਂ ਤਸਕਰੀ ਨੂੰ ਅੰਜਾਮ ਦੇ ਰਿਹਾ ਹੈ। ਉਹ ਕੈਨੇਡਾ ਦਾ ਵੀਜ਼ਾ ਦਿਵਾ ਕੇ ਚੰਗੀ ਨੌਕਰੀ ਤੇ ਮੋਟੀ ਰਕਮ ਦਾ ਝਾਂਸਾ ਦੇ ਕੇ ਸ਼ਾਰਪ ਸ਼ੂਟਰਾਂ ਦੀ ਭਰਤੀ ਕਰਦੇ ਸਨ।


ਐਨਆਈਏ ਨੇ ਆਪਣੀ ਚਾਰਜਸ਼ੀਟ ਵਿੱਚ ਖੁਲਾਸਾ ਕੀਤਾ ਹੈ ਕਿ ਗਲੋਬਲ ਅੱਤਵਾਦੀ ਹਰਦੀਪ ਸਿੰਘ ਨਿੱਝਰ ਤੇ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਨੇ ਇੱਕ ਅੱਤਵਾਦੀ ਗਰੋਹ ਬਣਾਇਆ ਤੇ ਲਵਪ੍ਰੀਤ ਸਿੰਘ ਉਰਫ ਰਵੀ, ਰਾਮ ਸਿੰਘ ਉਰਫ ਸੋਨਾ, ਗਗਨਦੀਪ ਸਿੰਘ ਉਰਫ ਗੱਗਾ ਤੇ ਕਮਲਜੀਤ ਸ਼ਰਮਾ ਉਰਫ ਕਮਲ ਨੂੰ ਕੈਨੇਡਾ ਦਾ ਵੀਜ਼ਾ ਦਿਵਾਇਆ। ਉਨ੍ਹਾਂ ਨੂੰ ਨੌਕਰੀ ਦਾ ਲਾਲਚ ਦੇ ਕੇ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦਾ ਕੰਮ ਸੌਂਪਿਆ ਗਿਆ। 


ਐਨਆਈਏ ਨੇ ਆਪਣੀ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਹੈ ਕਿ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ, ਹਰਦੀਪ ਸਿੰਘ ਨਿੱਝਰ ਨਾਲ ਮਿਲ ਕੇ ਆਪਣੇ ਗਰੋਹ ਦੇ ਮੈਂਬਰਾਂ ਨੂੰ ਟਾਰਗੇਟ ਦੇ ਵੇਰਵੇ ਭੇਜਦਾ ਸੀ। ਹਥਿਆਰ ਮੁਹੱਈਆ ਕਰਦਾ ਸੀ ਤੇ ਵੱਖ-ਵੱਖ ਐਮਟੀਐਸਐਸ ਚੈਨਲਾਂ ਰਾਹੀਂ ਸ਼ਾਰਪ ਸ਼ੂਟਰਾਂ ਨੂੰ ਦਹਿਸ਼ਤ ਫੈਲਾਉਣ ਲਈ ਫੰਡ ਵੀ ਭੇਜਦਾ ਸੀ। ਇਸ ਤੋਂ ਇਲਾਵਾ ਫਿਰੌਤੀ ਤੇ ਹਵਾਲਾ ਦਾ ਪੈਸਾ ਅਰਸ਼ਦੀਪ ਰਾਹੀਂ ਕੈਨੇਡਾ ਪਹੁੰਚਦਾ ਸੀ।