India-China Relations: ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਭਾਰਤ ਦੇ ਸਬੰਧ ਕੈਨੇਡਾ ਹੀ ਨਹੀਂ ਸਗੋਂ ਪਾਕਿਸਤਾਨ ਤੇ ਚੀਨ ਨਾਲ ਵੀ ਕਾਫੀ ਖਰਾਬ ਹਨ। ਇਸ ਸਭ ਦਾ ਜਿੱਥੇ ਆਰਥਿਕਤਾ ਤੇ ਵਪਾਰ ਉੱਪਰ ਮਾੜਾ ਅਸਰ ਪਿਆ ਹੈ, ਉੱਥੇ ਹੀ ਖਿੱਤੇ ਵਿੱਚ ਤਣਾਅ ਵੀ ਵਧਿਆ ਹੈ। ਵਿਦੇਸ਼ ਮੰਤਰੀ ਐਸ. ਜੈਸੰਕਰ ਨੇ ਕਿਹਾ ਵੀ ਕਬੂਲਿਆ ਹੈ ਕਿ ਗਲਵਾਨ ਟਕਰਾਅ ਤੋਂ ਬਾਅਦ ਭਾਰਤ-ਚੀਨ ਦੇ ਰਿਸ਼ਤੇ ‘ਪਹਿਲਾਂ ਵਾਂਗ ਸੁਖਾਵੇਂ’ ਨਹੀਂ ਰਹੇ। 



ਦੱਸ ਦਈਏ ਕਿ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਵਿਚਾਲੇ 2020 ਵਿਚ ਟਕਰਾਅ ਹੋਇਆ ਸੀ। ਉਨ੍ਹਾਂ ਨਾਲ ਹੀ ਕਿਹਾ ਕਿ, ‘ਇਹ ਮੁੱਦਾ ਸੰਭਾਵੀ ਤੌਰ ’ਤੇ ਲੰਮਾ ਖਿੱਚਿਆ ਗਿਆ ਹੈ।’ ਜੈਸ਼ੰਕਰ ਨੇ ਕਿਹਾ ਕਿ ਜੇਕਰ ਦੁਨੀਆ ਦੇ ਦੋ ਵੱਡੇ ਮੁਲਕਾਂ ਵਿਚਾਲੇ ਤਣਾਅ ਹੋਵੇ ਤਾਂ ‘ਇਸ ਦਾ ਅਸਰ ਬਾਕੀ ਸਾਰਿਆਂ ਉਤੇ ਪੈਂਦਾ ਹੈ।’ ਜੈਸ਼ੰਕਰ ਇੱਥੇ ਭਾਰਤ-ਚੀਨ ਦੇ ਰਿਸ਼ਤਿਆਂ ਉਤੇ ਬੋਲ ਰਹੇ ਸਨ। 


ਜੈਸ਼ੰਕਰ ਨੇ ਕਿਹਾ ਕਿ ਅਜਿਹੇ ਮੁਲਕ ਨਾਲ ਆਮ ਵਾਂਗ ਵਿਚਰਨਾ ਬਹੁਤ ਔਖਾ ਹੈ ਜੋ ਸਮਝੌਤੇ ਤੋੜ ਚੁੱਕਾ ਹੋਵੇ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਸਬੰਧ ‘ਗੈਰ-ਸਾਧਾਰਨ ਦੌਰ’ ਵਿਚੋਂ ਗੁਜ਼ਰੇ ਹਨ। ਇਸ ਦੌਰਾਨ ਸੰਪਰਕ ਟੁੱਟਿਆ ਹੈ, ਦੌਰੇ ਨਹੀਂ ਹੋ ਰਹੇ ਹਨ, ਤੇ ਜ਼ਾਹਿਰਾ ਤੌਰ ਉਤੇ ਫ਼ੌਜੀ ਤਣਾਅ ਹੈ। ਇਸ ਨਾਲ ਭਾਰਤ ਵਿਚ ਚੀਨ ਦੀ ਧਾਰਨਾ ਉਤੇ ਵੀ ਮਾੜਾ ਅਸਰ ਪਿਆ ਹੈ। 



ਜੈਸ਼ੰਕਰ ਨੇ ਨਾਲ ਹੀ ਜ਼ਿਕਰ ਕੀਤਾ ਕਿ ਦਿੱਲੀ ਤੇ ਪੇਈਚਿੰਗ ਦੇ ਰਿਸ਼ਤੇ ਵਿਗੜਨ ਦਾ ਲੰਮਾ ਇਤਿਹਾਸ ਰਿਹਾ ਹੈ। ਵਿਦੇਸ਼ ਮੰਤਰੀ ਨੇ ਦਿੱਲੀ ਤੇ ਪੇਈਚਿੰਗ ਵਿਚਕਾਰ ਰਿਸ਼ਤਿਆਂ ਦੇ ਇਤਿਹਾਸਕ ਦ੍ਰਿਸ਼ਟੀਕੋਣ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ 1988 ’ਚ ਚੀਨ ਦੌਰੇ ਨਾਲ ਸਬੰਧ ਕੁਝ ਸੁਖਾਵੇਂ ਹੋਏ ਸਨ। ਹਿੰਦ ਮਹਾਸਾਗਰ ’ਚ ਚੀਨੀ ਜਲ ਸੈਨਾ ਦੀ ਵੱਡੀ ਨਫ਼ਰੀ ਤਾਇਨਾਤ ਹੋਣ ’ਤੇ ਜੈਸ਼ੰਕਰ ਨੇ ਚਿੰਤਾ ਜਤਾਈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।