ਨਵੀਂ ਦਿੱਲੀ: ਚੀਨ ਦੀ ਸਰਹੱਦ 'ਤੇ ਤਣਾਅ ਦੇ ਵਿਚਕਾਰ ਭਾਰਤ ਦੀ ਤਾਕਤ 'ਚ ਵੀ ਹੋਰ ਵਾਧਾ ਹੋਣ ਜਾ ਰਿਹਾ ਹੈ। ਪੰਜ ਰਾਫੇਲ ਜਹਾਜ਼ਾਂ ਦੇ ਆਉਣ ਨਾਲ ਭਾਰਤੀ ਹਵਾਈ ਸੈਨਾ ਦੀ ਤਾਕਤ ਪਹਿਲਾਂ ਹੀ ਵਧ ਚੁੱਕੀ ਹੈ। ਹੁਣ ਰਾਫੇਲ ਲੜਾਕੂ ਜਹਾਜ਼ਾਂ ਦਾ ਦੂਜਾ ਜਥਾ ਜਲਦੀ ਹੀ ਭਾਰਤ ਆ ਰਿਹਾ ਹੈ। 5 ਨਵੰਬਰ ਨੂੰ ਤਿੰਨ ਰਾਫੇਲ ਲੜਾਕੂ ਜਹਾਜ਼ ਹਰਿਆਣਾ ਦੇ ਅੰਬਾਲਾ ਏਅਰਬੇਸ 'ਤੇ ਪਹੁੰਚਣਗੇ।

ਇੰਨਾ ਹੀ ਨਹੀਂ ਭਾਰਤੀ ਹਵਾਈ ਸੈਨਾ ਦੀ ਸਟ੍ਰਾਇਕ ਸਮਰੱਥਾ ਅਪਰੈਲ 2021 ਤੱਕ ਹੋਰ ਵੀ ਵਧੇਗੀ, ਕਿਉਂਕਿ ਭਾਰਤੀ ਹਵਾਈ ਸੈਨਾ ਦੇ ਗੋਲਡਨ ਐਰੋ ਸਕੁਐਡਰਨ ਦੇ ਬੇੜੇ ਵਿੱਚ ਉਦੋਂ ਤੱਕ 16 ਰਾਫੇਲ ਜਹਾਜ਼ਾਂ ਨੂੰ ਸ਼ਾਮਲ ਕੀਤਾ ਜਾਵੇਗਾ। ਫਿਲਹਾਲ, ਭਾਰਤੀ ਹਵਾਈ ਸੈਨਾ ਦੇ ਬੇੜੇ ਵਿੱਚ ਪੰਜ ਰਾਫੇਲ ਜਹਾਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸਾਲ 29 ਜੁਲਾਈ ਨੂੰ ਭਾਰਤੀ ਹਵਾਈ ਸੈਨਾ ਲਈ ਪੰਜ ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਅਬੂ ਧਾਬੀ ਰਾਹੀਂ ਫਰਾਂਸ ਤੋਂ ਅੰਬਾਲਾ ਏਅਰਬੇਸ ਪਹੁੰਚੀ। ਇਹ ਸਾਰੇ ਲੜਾਕੂ ਜਹਾਜ਼ ਭਾਰਤੀ ਹਵਾਈ ਸੈਨਾ ਦੇ 17ਵੇਂ ਸਕੁਐਡਰਨ ਵਿੱਚ ਸੀ।

ਰਾਫੇਲ ਦਾ ਅਗਲਾ ਬੈਚ 5 ਨਵੰਬਰ ਨੂੰ ਪਹੁੰਚੇਗਾ:

ਅੰਬਾਲਾ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ ਮੁਤਾਬਕ ਤਿੰਨ ਰਾਫੇਲ ਲੜਾਕੂ ਜਹਾਜ਼ਾਂ ਦਾ ਅਗਲਾ ਜੱਥਾ 5 ਨਵੰਬਰ ਨੂੰ ਬਾਰਡੋ-ਮੈਰਿਨਾਕ ਏਅਰਬੇਸ ਤੋਂ ਸਿੱਧਾ ਅੰਬਾਲਾ ਪਹੁੰਚੇਗਾ। ਇਸ ਦੌਰਾਨ ਇਹ ਜਹਾਜ਼ ਕਿਤੇ ਵੀ ਨਹੀਂ ਰੁਕਣਗੇ, ਕਿਉਂਕਿ ਉਨ੍ਹਾਂ 'ਚ ਹਵਾ 'ਚ ਹੀ ਮੁੜ ਈਂਧਨ ਭਰਨ ਦੀ ਸ਼ਕਤੀ ਹੈ। ਦੱਸ ਦੇਈਏ ਕਿ ਫਰਾਂਸ ਵਿੱਚ ਭਾਰਤੀ ਹਵਾਈ ਸੈਨਾ ਦੇ ਲੜਾਕੂ ਪਾਇਲਟ ਪਹਿਲਾਂ ਹੀ ਸੱਤ ਰਾਫੇਲ ਲੜਾਕੂ ਜਹਾਜ਼ਾਂ ਦੀ ਵਰਤੋਂ ਲਈ ਸਿਖਲਾਈ ਲੈ ਰਹੇ ਹਨ।

ਫਰਾਂਸ ਤੋਂ ਤਿੰਨ ਹੋਰ ਰਾਫੇਲ ਜਹਾਜ਼ ਜਨਵਰੀ ਵਿੱਚ ਪਹੁੰਚਣਗੇ:

ਅਧਿਕਾਰੀਆਂ ਦਾ ਕਹਿਣਾ ਹੈ ਕਿ ਫਰਾਂਸ ਤੋਂ ਤਿੰਨ ਹੋਰ ਰਾਫੇਲ ਜਹਾਜ਼ ਜਨਵਰੀ ਵਿੱਚ ਪਹੁੰਚਣਗੇ। ਇਸ ਤੋਂ ਇਲਾਵਾ ਤਿੰਨ ਰਾਫੇਲ ਲੜਾਕੂ ਜਹਾਜ਼ ਮਾਰਚ ਵਿਚ ਤੇ ਸੱਤ ਅਪਰੈਲ ਵਿਚ ਆਉਣਗੇ। ਇਸ ਤਰ੍ਹਾਂ 21 ਸਿੰਗਲ ਸੀਟ ਲੜਾਕੂ ਜਹਾਜ਼ ਤੇ ਸੱਤ ਦੋ ਸੀਟ ਲੜਾਕੂ ਜਹਾਜ਼ ਭਾਰਤੀ ਹਵਾਈ ਸੈਨਾ ਨੂੰ ਸੌਂਪੇ ਜਾਣਗੇ।

ਇਸ ਨਾਲ ਅਗਲੇ ਸਾਲ ਅਪਰੈਲ ਤੱਕ ਗੋਲਡਨ ਐਰੋ ਸਕੁਐਡਰਨ '18 ਲੜਾਕੂ ਜਹਾਜ਼ ਰਾਫੇਲ ਵਿਚ ਸ਼ਾਮਲ ਹੋ ਜਾਣਗੇ ਤੇ ਬਾਕੀ ਤਿੰਨ ਨੂੰ ਪੂਰਬੀ ਫਰੰਟ 'ਤੇ ਚੀਨ ਵਲੋਂ ਪੈਦਾ ਹੋਏ ਖ਼ਤਰੇ ਦਾ ਮੁਕਾਬਲਾ ਕਰਨ ਲਈ ਉੱਤਰੀ ਬੰਗਾਲ ਦੇ ਅਲੀਪੁਰਦੁਆਰ ਸਥਿਤ ਹਸ਼ੀਮਾਰਾ ਏਅਰਬੇਸ ਭੇਜਿਆ ਜਾ ਸਕਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904