India's Investigating Agencies: ਕਿਸੇ ਵੀ ਦੇਸ਼ 'ਚ ਸ਼ਾਂਤੀ, ਸਥਿਰਤਾ ਬਣਾਈ ਰੱਖਣ ਅਤੇ ਬਾਹਰੀ ਜਾਂ ਅੰਦਰੂਨੀ ਖਤਰਿਆਂ ਨਾਲ ਨਜਿੱਠਣ ਲਈ ਬਹੁਤ ਸਾਰੀਆਂ ਜਾਂਚ ਏਜੰਸੀਆਂ ਕੰਮ ਕਰਦੀਆਂ ਹਨ। ਸਾਡੇ ਦੇਸ਼ 'ਚ ਵੀ ਅਜਿਹੀਆਂ ਹੀ ਜਾਂਚ ਏਜੰਸੀਆਂ ਹਨ, ਜੋ ਦੇਸ਼ ਨੂੰ ਸੁਰੱਖਿਅਤ ਰੱਖਦੇ ਹੋਏ ਬਹੁਤ ਹੀ ਚੌਕਸ ਅਤੇ ਗੁਪਤ ਤਰੀਕੇ ਨਾਲ ਭ੍ਰਿਸ਼ਟਾਚਾਰ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਨਾਲ ਨਜਿੱਠਦੀਆਂ ਹਨ। ਸਰਹੱਦ 'ਤੇ ਖੜ੍ਹੇ ਦੇਸ਼ ਦੇ ਫ਼ੌਜੀਆਂ ਅਤੇ ਦੇਸ਼ ਦੇ ਅੰਦਰ ਆਮ ਪੁਲਿਸ ਤੋਂ ਇਲਾਵਾ ਇਹ ਸਾਰੀਆਂ ਏਜੰਸੀਆਂ ਦੇਸ਼ ਨੂੰ ਵੱਡੇ ਖ਼ਤਰਿਆਂ ਤੋਂ ਬਚਾਉਂਦੀਆਂ ਹਨ। ਇਸ ਲੇਖ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਭਾਰਤ 'ਚ ਕਿੰਨੀਆਂ ਜਾਂਚ ਏਜੰਸੀਆਂ ਕੰਮ ਕਰਦੀਆਂ ਹਨ?
ਇਹ ਹਨ ਭਾਰਤ ਦੀਆਂ ਮੁੱਖ ਖੁਫੀਆ ਅਤੇ ਜਾਂਚ ਏਜੰਸੀਆਂ :
ਇੰਟੈਲੀਜੈਂਸ ਬਿਊਰੋ (IB)
ਕੇਂਦਰੀ ਜਾਂਚ ਬਿਊਰੋ (CBI)
ਰਾਸ਼ਟਰੀ ਜਾਂਚ ਏਜੰਸੀ (NIA)
ਰਿਸਰਚ ਐਂਡ ਐਨਾਲਿਸਿਸ ਵਿੰਗ (RAW)
ਰਾਸ਼ਟਰੀ ਅੱਤਵਾਦ ਵਿਰੋਧੀ ਕੇਂਦਰ (NCTC)
ਨੈਸ਼ਨਲ ਇੰਟੈਲੀਜੈਂਸ ਗ੍ਰਿੱਡ (NATGRID)
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB)
ਨਾਰਕੋਟਿਕਸ ਕੰਟਰੋਲ ਬਿਊਰੋ (NCB)
ਖੁਫੀਆ ਅਤੇ ਜਾਂਚ ਏਜੰਸੀਆਂ ਦਾ ਕੰਮ :
ਵੱਖ-ਵੱਖ ਏਜੰਸੀਆਂ ਦੇ ਕੰਮ ਦੀ ਪ੍ਰਕਿਰਤੀ ਵੱਖਰੀ ਹੁੰਦੀ ਹੈ। ਜਿੱਥੇ ਕੁਝ ਏਜੰਸੀਆਂ ਬਾਹਰੀ ਖ਼ਤਰਿਆਂ ਪ੍ਰਤੀ ਸੁਚੇਤ ਕਰਦੀਆਂ ਹਨ, ਉੱਥੇ ਕਈ ਏਜੰਸੀਆਂ ਦੇਸ਼ ਅੰਦਰ ਸ਼ਾਂਤੀ ਬਣਾਈ ਰੱਖਣ ਲਈ ਆਪਣੀ ਭੂਮਿਕਾ ਨਿਭਾਉਂਦੀਆਂ ਹਨ।
ਇੰਟੈਲੀਜੈਂਸ ਬਿਊਰੋ (IB)
IB ਭਾਰਤ ਦੀ ਖੁਫੀਆ ਏਜੰਸੀ ਹੈ। ਇਹ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦਾ ਹੈ। ਇਹ ਖੁਫੀਆ ਜਾਂਚ ਏਜੰਸੀ ਦੇਸ਼ ਦੇ ਅੰਦਰੂਨੀ ਮਾਮਲਿਆਂ 'ਤੇ ਨਜ਼ਰ ਰੱਖਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਨਾਲ ਨਜਿੱਠਦੀ ਹੈ। ਦੇਸ਼ ਦੇ ਅੰਦਰ ਆਈਬੀ ਵੱਲੋਂ ਖੁਫੀਆ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ।
ਕੇਂਦਰੀ ਜਾਂਚ ਬਿਊਰੋ (CBI)
ਸੀਬੀਆਈ ਇੱਕ ਮਹੱਤਵਪੂਰਨ ਕੇਂਦਰੀ ਜਾਂਚ ਏਜੰਸੀ ਹੈ। ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਤੋਂ ਇਲਾਵਾ ਸੀਬੀਆਈ ਗੁੰਝਲਦਾਰ ਅਪਰਾਧਿਕ ਮਾਮਲਿਆਂ ਦੀ ਵੀ ਜਾਂਚ ਕਰਦੀ ਹੈ। ਸੀਬੀਆਈ ਅਮਲਾ ਅਤੇ ਸਿਖਲਾਈ ਵਿਭਾਗ ਅਧੀਨ ਕੰਮ ਕਰਦੀ ਹੈ।
ਰਾਸ਼ਟਰੀ ਜਾਂਚ ਏਜੰਸੀ (NIA)
NIA ਦੀ ਸਥਾਪਨਾ 31 ਦਸੰਬਰ 2008 ਨੂੰ 2008 ਦੇ ਮੁੰਬਈ ਅੱਤਵਾਦੀ ਹਮਲੇ ਤੋਂ ਬਾਅਦ ਕੀਤੀ ਗਈ ਸੀ। ਇਹ ਏਜੰਸੀ ਬਹੁਤ ਹੀ ਗੁਪਤ ਤਰੀਕੇ ਨਾਲ ਦੇਸ਼ ਦੀ ਸੁਰੱਖਿਆ 'ਚ ਅਹਿਮ ਯੋਗਦਾਨ ਪਾਉਂਦੀ ਹੈ। ਇਸ ਦੀ ਸਥਾਪਨਾ ਭਾਰਤ 'ਚ ਅੱਤਵਾਦ ਦਾ ਮਜ਼ਬੂਤੀ ਨਾਲ ਮੁਕਾਬਲਾ ਕਰਨ ਲਈ ਕੀਤੀ ਗਈ ਸੀ।
ਰਿਸਰਚ ਐਂਡ ਐਨਾਲਿਸਿਸ ਵਿੰਗ (RAW)
ਰਿਸਰਚ ਐਂਡ ਐਨਾਲਿਸਿਸ ਵਿੰਗ ਮਤਲਬ ਰਾਅ ਗੁਪਤ ਤਰੀਕਾ ਨਾਲ ਦੇਸ਼ ਦੇ ਦੁਸ਼ਮਣਾਂ ਦਾ ਖ਼ਾਤਮਾ ਕਰਦਾ ਹੈ। ਇਹ ਦੇਸ਼ ਦੇ ਅੰਦਰ ਹੀ ਨਹੀਂ ਸਗੋਂ ਬਾਹਰੋਂ ਵੀ ਦੇਸ਼ ਦੇ ਦੁਸ਼ਮਣਾਂ 'ਤੇ ਨਜ਼ਰ ਰੱਖਦਾ ਹੈ। RAW ਲਈ ਕੰਮ ਕਰਨ ਵਾਲੇ ਏਜੰਟਾਂ ਨੂੰ ਬਹੁਤ ਚੁਣੌਤੀਪੂਰਨ ਮਿਸ਼ਨਾਂ 'ਤੇ ਭੇਜਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਜਾਨ ਨੂੰ ਖ਼ਤਰੇ 'ਚ ਪਾਇਆ ਜਾਂਦਾ ਹੈ।
ਇਨ੍ਹਾਂ ਏਜੰਸੀਆਂ ਤੋਂ ਇਲਾਵਾ 'ਨੈਸ਼ਨਲ ਕਾਊਂਟਰ ਟੈਰੋਰਿਜ਼ਮ ਸੈਂਟਰ' ਅੱਤਵਾਦੀ ਗਤੀਵਿਧੀਆਂ ਦੀ ਜਾਂਚ ਕਰਦਾ ਹੈ, ਜਦਕਿ 'ਨੈਸ਼ਨਲ ਇੰਟੈਲੀਜੈਂਸ ਗ੍ਰਿੱਡ' ਵੀ ਵੱਖ-ਵੱਖ ਸੁਰੱਖਿਆ ਏਜੰਸੀਆਂ ਨੂੰ ਅੱਤਵਾਦੀਆਂ ਦਾ ਪਤਾ ਲਗਾਉਣ ਅਤੇ 26/11 ਦੇ ਹਮਲਿਆਂ ਤੋਂ ਬਾਅਦ ਅੱਤਵਾਦੀ ਘਟਨਾਵਾਂ ਨੂੰ ਰੋਕਣ ਲਈ ਸਹਾਇਤਾ ਕਰਨ ਲਈ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ 'ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ' ਅਪਰਾਧ ਅਤੇ ਅਪਰਾਧੀਆਂ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ। NCB ਦਾ ਕੰਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੇ ਗ਼ੈਰ-ਕਾਨੂੰਨੀ ਵਪਾਰ, ਵਰਤੋਂ ਨੂੰ ਰੋਕਣਾ ਹੈ। ਇਨ੍ਹਾਂ ਸਾਰੀਆਂ ਏਜੰਸੀਆਂ ਕਾਰਨ ਹੀ ਸਾਡਾ ਦੇਸ਼ ਅੰਦਰੂਨੀ ਅਤੇ ਬਾਹਰੀ ਖ਼ਤਰਿਆਂ ਤੋਂ ਸੁਰੱਖਿਅਤ ਰਹਿੰਦਾ ਹੈ।