Pakistan Sikh Murder: ਪਾਕਿਸਤਾਨ ਵਿਚ ਸਿੱਖ ਭਾਈਚਾਰੇ ਦੇ ਮੈਂਬਰਾਂ 'ਤੇ ਹਾਲ ਹੀ ਵਿਚ ਹੋਏ ਹਮਲਿਆਂ ਤੋਂ ਬਾਅਦ, ਭਾਰਤ ਨੇ ਨਵੀਂ ਦਿੱਲੀ ਵਿਚ ਪਾਕਿਸਤਾਨੀ ਹਾਈ ਕਮਿਸ਼ਨ ਦੇ ਇਕ ਸੀਨੀਅਰ ਡਿਪਲੋਮੈਟ ਨੂੰ ਤਲਬ ਕੀਤਾ ਅਤੇ ਘਟਨਾਵਾਂ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ। ਸੂਤਰਾਂ ਨੇ ਨਿਊਜ਼ ਏਜੰਸੀ ਏਐਨਆਈ ਨੂੰ ਇਹ ਜਾਣਕਾਰੀ ਦਿੱਤੀ। ਦੱਸ ਦਈਏ ਕਿ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ 'ਚ ਸ਼ਨੀਵਾਰ ਨੂੰ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਸਿੱਖ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।


ਮਨਮੋਹਨ ਸਿੰਘ ਪੇਸ਼ਾਵਰ ਦੇ ਉਪਨਗਰ ਰਸ਼ੀਦ ਗੜ੍ਹੀ ਤੋਂ ਸ਼ਹਿਰ ਦੇ ਖੇਤਰ ਵੱਲ ਜਾ ਰਹੇ ਸਨ, ਉਸ ਵੇਲੇ ਕੁਝ ਹਥਿਆਰਬੰਦ ਵਿਅਕਤੀਆਂ ਨੇ ਗੁਲਦਾਰਾ ਚੌਕ, ਕਕਸ਼ਾਲ ਨੇੜੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।


ਇਹ ਵੀ ਪੜ੍ਹੋ: Rajnath Singh Speech: ‘PM ਮੋਦੀ ਨੇ 10 ਮਿੰਟਾਂ 'ਚ ਲਿਆ ਸਰਜੀਕਲ ਸਟ੍ਰਾਈਕ ਦਾ ਫੈਸਲਾ, ਜੇ ਲੋੜ ਪਈ ਤਾਂ...', ਬੋਲੇ ਰਾਜਨਾਥ ਸਿੰਘ


ਸੂਤਰਾਂ ਅਨੁਸਾਰ ਭਾਰਤ ਨੇ ਮੰਗ ਕੀਤੀ ਹੈ ਕਿ ਪਾਕਿਸਤਾਨੀ ਅਧਿਕਾਰੀ ਸਿੱਖ ਭਾਈਚਾਰੇ 'ਤੇ ਹੋਏ ਇਨ੍ਹਾਂ ਹਿੰਸਕ ਹਮਲਿਆਂ ਦੀ ਇਮਾਨਦਾਰੀ ਨਾਲ ਜਾਂਚ ਕਰਨ ਅਤੇ ਜਾਂਚ ਰਿਪੋਰਟ ਵੀ ਸਾਂਝੀ ਕਰਨ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਨੂੰ ਆਪਣੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ, ਜੋ ਧਾਰਮਿਕ ਅੱਤਿਆਚਾਰ ਦੇ ਲਗਾਤਾਰ ਡਰ ਵਿਚ ਰਹਿੰਦੇ ਹਨ।


ਮਨਮੋਹਨ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਪੇਸ਼ਾਵਰ ਪੁਲਿਸ ਨੇ ਦੱਸਿਆ ਹੈ ਕਿ ਕੁਝ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਨਮੋਹਨ ਸਿੰਘ ਪੇਸ਼ੇ ਤੋਂ 'ਹਕੀਮ' (ਯੂਨਾਨੀ ਦਵਾਈ ਪ੍ਰੈਕਟੀਸ਼ਨਰ) ਸਨ। ਪੁਲਿਸ ਨੇ ਦੱਸਿਆ ਕਿ ਉਹ ਕਤਲ ਵਿੱਚ ਸ਼ਾਮਲ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੇ ਕਰੀਬ ਪਹੁੰਚ ਗਏ ਹਨ। ਪੇਸ਼ਾਵਰ 'ਚ ਪਿਛਲੇ 48 ਘੰਟਿਆਂ 'ਚ ਸਿੱਖ ਵਿਅਕਤੀ 'ਤੇ ਹਮਲੇ ਦੀ ਇਹ ਦੂਜੀ ਘਟਨਾ ਹੈ।


ਸ਼ੁੱਕਰਵਾਰ ਨੂੰ ਹੋਈ ਗੋਲੀਬਾਰੀ ਵਿੱਚ ਇੱਕ ਸਿੱਖ ਵਿਅਕਤੀ ਜ਼ਖ਼ਮੀ ਹੋ ਗਿਆ ਸੀ। ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ (CTD) ਸਿੱਖ ਕਾਰੋਬਾਰੀ ਤ੍ਰਿਲੋਕ ਸਿੰਘ 'ਤੇ ਹੋਏ ਹਮਲੇ ਦੀ ਜਾਂਚ ਕਰ ਰਿਹਾ ਹੈ। ਪੁਲਿਸ ਦਾ ਮੰਨਣਾ ਹੈ ਕਿ ਪੇਸ਼ਾਵਰ ਵਿੱਚ ਦੋ ਸਿੱਖ ਵਿਅਕਤੀਆਂ 'ਤੇ ਹੋਏ ਹਮਲੇ ਦੀ 48 ਘੰਟਿਆਂ ਦੇ ਅੰਦਰ ਪੂਰੀ ਜਾਂਚ ਤੋਂ ਬਾਅਦ ਹੀ ਇਸ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।


ਇਹ ਵੀ ਪੜ੍ਹੋ: ਪੰਜਾਬ ਸਰਕਾਰ ਲੁਧਿਆਣਾ ਤੇ ਜਲੰਧਰ 'ਚ ਈ-ਵਹੀਕਲ ਸੇਵਾ ਅਤੇ ਅੰਮ੍ਰਿਤਸਰ ਵਿੱਚ ਈ-ਆਟੋ ਸੇਵਾ ਸ਼ੁਰੂ ਕਰੇਗੀ - ਮਾਨ