ਗੋਲਡ ਕੋਸਟ: ਭਾਰਤੀ ਹਾਰੀ (ਮਰਦ) ਦੀ ਟੀਮ ਨੇ ਇੰਗਲੈਂਡ ਦੀ ਟੀਮ ਨੂੰ ਕਰਾਮਾਤੀ ਢੰਗ ਨਾਲ 4-3 ਨਾਲ ਹਰਾ ਦਿੱਤਾ ਹੈ। ਭਾਰਤ ਹੁਣ ਸੈਮੀਫ਼ਾਈਨਲ ਵਿੱਚ ਨਿਊਜ਼ੀਲੈਂਡ ਨਾਲ ਭਿੜੇਗਾ। ਪੂਲ ਬੀ ਦੇ ਅੰਤਮ ਰੋਮਾਂਚਕ ਮੁਕਾਬਲੇ ਇੰਗਲੈਂਡ ਦੀ ਟੀਮ ਇੱਕ ਗੋਲ ਦੇ ਫਰਕ ਨਾਲ ਮੈਚ ਖੁੰਝ ਗਈ ਤੇ ਭਾਰਤ ਨੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ।
ਮੈਚ ਖ਼ਤਮ ਹੋਣ ਵਿੱਚ ਸਿਰਫ਼ ਚਾਰ ਮਿੰਟ ਬਚੇ ਸਨ ਤੇ ਭਾਰਤ 2-3 ਗੋਲਾਂ ਦੀ ਲੀਡ ਨੂੰ ਬਰਾਬਰ ਕਰਨ ਲਈ ਜ਼ੋਰ ਲਾ ਰਿਹਾ ਸੀ। ਉਦੋਂ ਵਰੁਣ ਕੁਮਾਰ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਮੈਚ ਬਰਾਬਰੀ 'ਤੇ ਲਿਆਂਦਾ। ਇਸ ਤੋਂ ਬਾਅਦ ਮੈਚ ਖ਼ਤਮ ਹੋਣ ਦੇ ਸਿਰਫ਼ ਅੱਧੇ ਸੈਕੰਡ ਦਾ ਸਮਾਂ ਰਹਿੰਦਿਆਂ ਹੋਇਆ ਮਨਦੀਪ ਸਿੰਘ ਨੇ ਕ੍ਰਾਸ ਨੂੰ ਇੰਗਲੈਂਡ ਦੇ ਗੋਲ ਵੱਲ ਮੋੜ ਕੇ ਮੈਚ ਜਿਤਾ ਦਿੱਤਾ।
ਭਾਰਤ ਲਈ ਰੁਪਿੰਦਰ ਪਾਲ ਸਿੰਘ ਨੇ ਇਕਵੰਜਵੇਂ ਮਿੰਟ ਤੇ ਮਨਪ੍ਰੀਤ ਸਿੰਘ ਨੇ ਤੇਤੀਵੇਂ ਮਿੰਟ ਵਿੱਚ ਦੋ ਹੋਰ ਗੋਲ ਕੀਤੇ। ਜਦਕਿ, ਇੰਗਲੈਂਡ ਲਈ ਡੇਵਿਡ ਕੋਂਡੋਨ ਨੇ ਸੋਲ੍ਹਵੇਂ ਮਿੰਟ, ਲਿਆਮ ਐਨਸੈੱਲ ਬਵੰਜਵੇਂ ਮਿੰਟ ਤੇ ਸੈਮ ਵਾਰਡ ਨੇ ਛਪੰਜਵੇਂ ਮਿੰਟ ਵਿੱਚ ਗੋਲ ਦਾਗ਼ੇ। ਇਸ ਕਰਾਮਾਤੀ ਜਿੱਤ ਨਾਲ ਭਾਰਤ ਦੀ ਲਗਾਤਾਰ ਤੀਜੀ ਜਿੱਤ ਹੈ।