ਨਵੀਂ ਦਿੱਲੀ: ਰੱਖਿਆ ਖੇਤਰ ’ਚ ਸੁਧਾਰ ਅਧੀਨ ਭਾਰਤੀ ਫ਼ੌਜ ਨੇ ਦੇਸ਼ ਭਰ ’ਚ ਮੌਜੂਦ ਆਪਣੇ 130 ਮਿਲਟਰੀ ਫ਼ਾਰਮਜ਼ ਨੂੰ ਸਦਾ ਲਈ ਬੰਦ ਕਰ ਦਿੱਤਾ ਹੈ। ਸਾਲ 1889 ’ਚ ਬ੍ਰਿਟਿਸ਼ ਕਾਲ ’ਚ ਇਨ੍ਹਾਂ ਮਿਲਟਰੀ ਫ਼ਾਰਮਾਂ ਨੂੰ ਫ਼ੌਜੀਆਂ ਨੂੰ ਤਾਜ਼ਾ ਦੁੱਧ ਸਪਲਾਈ ਕਰਨ ਲਈ ਸ਼ੁਰੂ ਕੀਤਾ ਗਿਆ ਸੀ।


ਬੁੱਧਵਾਰ ਨੂੰ ਰਾਜਧਾਨੀ ਦਿੱਲੀ ਦੀ ਛਾਉਣੀ ’ਚ ਮਿਲਟਰੀ ਫ਼ਾਰਮਜ਼ ਰਿਕਾਰਡ ਸੈਂਟਰ ਵਿੱਚ ਝੰਡੇ ਦੀ ਰਸਮ ਦੌਰਾਨ ਮਿਲਟਰੀ ਫ਼ਾਰਮ ਨੂੰ ‘ਡਿਸਬੈਂਡ’ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਫ਼ੌਜ ਨੂੰ ‘ਲੀਨ ਐਂਡ ਥਿੰਨ’ ਬਣਾਉਣ ਦੇ ਮੰਤਵ ਨਾਲ ਮਿਲਟਰੀ ਫ਼ਾਰਮ ਬੰਦ ਕੀਤੇ ਗਏ ਹਨ। ਇੱਥੇ ਤਾਇਨਾਤ ਸਾਰੇ ਫ਼ੌਜੀ ਅਧਿਕਾਰੀ ਤੇ ਸਿਵਲ ਡਿਫ਼ੈਂਸ ਅਧਿਕਾਰੀਆਂ ਨੂੰ ਦੂਜੀਆਂ ਰੈਜੀਮੈਂਟਸ ਤੇ ਯੂਨਿਟਸ ’ਚ ਤਾਇਨਾਤ ਕਰ ਦਿੱਤਾ ਗਿਆ ਹੈ।


ਇੱਕ ਅਨੁਮਾਨ ਅਨੁਸਾਰ ਹਰ ਸਾਲ ਇਨ੍ਹਾਂ ਫ਼ਾਰਮਾਂ ਉੱਤੇ ਲਗਪਗ 300 ਕਰੋੜ ਰੁਪਏ ਦਾ ਖ਼ਰਚਾ ਆਉਂਦਾ ਸੀ। ਨਾਲ ਹੀ ਸਰਹੱਦੀ ਇਲਾਕਿਆਂ ’ਚ ਤਾਇਨਾਤ ਫ਼ੌਜੀਆਂ ਨੂੰ ਪੈਕਡ ਦੁੱਧ ਦੀ ਸਪਲਾਈ ਵੱਧ ਹੁੰਦੀ ਹੈ। ਇਸੇ ਲਈ ਇਹ ਫ਼ਾਰਮ ਬੰਦ ਕੀਤੇ ਗਏ ਹਨ।


ਥਲ ਸੈਨਾ ਨੇ ਆਪਣੇ ਇੱਕ ਬਿਆਨ ’ਚਦੱਸਿਆ ਕਿ ਪਹਿਲਾ ਮਿਲਟਰੀ ਫ਼ਾਰਮ ਅਲਾਹਾਬਾਦ ’ਚ 1 ਫ਼ਰਵਰੀ, 1899 ਨੂੰ ਖੋਲ੍ਹਿਆ ਗਿਅ ਸੀ। ਇਸ ਤੋਂ ਬਾਅਦ ਦਿੱਲੀ, ਜੱਬਲਪੁਰ, ਰਾਨੀਖੇਤ, ਜੰਮੂ, ਸ੍ਰੀਨਗਰ, ਲੇਹ, ਕਾਰਗਿਲ, ਝਾਂਸੀ, ਗੁਹਾਟੀ, ਸਿਕੰਦਰਾਬਾਦ, ਲਖਨਊ, ਮੇਰਠ, ਕਾਨਪੁਰ, ਮਹੂ, ਦੀਮਾਪੁਰ, ਪਠਾਨਕੋਟ, ਗਵਾਲੀਅਰ, ਜੋਰਹਾਟ, ਪਾਨਾਗੜ੍ਹ ਸਮੇਤ ਕੁੱਲ 130 ਸਥਾਨਾਂ ਉੱਤੇ ਅਜਿਹੇ ਮਿਲਟਰੀ ਫ਼ਾਰਮਜ਼ ਖੋਲ੍ਹੇ ਗਏ ਸਨ।


ਫ਼ੌਜ ਦੇ ਰਿਕਾਰਡਜ਼ ਮੁਤਾਬਕ 1947 ’ਚ ਆਜ਼ਾਦੀ ਪ੍ਰਾਪਤੀ ਵੇਲੇ ਇਨ੍ਹਾਂ ਫ਼ਾਰਮਾਂ ਵਿੱਚ ਲਗਭਗ 30 ਹਜ਼ਾਰ ਗਊਆਂ ਤੇ ਹੋਰ ਦੁਧਾਰੂ ਪਸ਼ੂ ਸਨ। ਇੱਕ ਅਨੁਮਾਨ ਮੁਤਾਬਕ ਹਰ ਸਾਲ ਇਨ੍ਹਾਂ ਮਿਲਟਰੀ ਫ਼ਾਰਮਾਂ ਰਾਹੀਂ 3.5 ਕਰੋੜ ਲਿਟਰ ਦੁੱਧ ਦਾ ਉਤਪਾਦਨ ਹੁੰਦਾ ਸੀ। ਸਾਲ 1971 ਦੀ ਜੰਗ ਹੋਵੇ ਜਾਂ ਫਿਰ ਕਾਰਗਿਲ ਦੀ ਜੰਗ ਹੋਵੇ; ਉਸ ਦੌਰਾਨ ਵੀ ਸਰਹੱਦਾਂ ਉੱਤੇ ਤਾਇਨਾਤ ਫ਼ੌਜੀਆਂ ਨੂੰ ਦੁੱਧ ਇਨ੍ਹਾਂ ਮਿਲਟਰੀ ਫ਼ਾਰਮਾਂ ਤੋਂ ਹੀ ਸਪਲਾਈ ਕੀਤਾ ਗਿਆ ਸੀ।