Chetak Helicopter Crash: ਕੇਰਲ ਦੇ ਕੋਚੀ ਵਿੱਚ ਭਾਰਤੀ ਜਲ ਸੈਨਾ ਦਾ ਇੱਕ ਚੇਤਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ 'ਚ ਚਾਲਕ ਦਲ ਦੇ ਇੱਕ ਮੈਂਬਰ ਦੀ ਮੌਤ ਹੋਣ ਦੀ ਸੂਚਨਾ ਹੈ, ਜਦਕਿ ਪਾਇਲਟ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਲਾਂਕਿ ਭਾਰਤੀ ਜਲ ਸੈਨਾ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਹੈਲੀਕਾਪਟਰ 'ਚ ਦੋ ਲੋਕ ਸਵਾਰ ਸਨ, ਜਿਨ੍ਹਾਂ 'ਚੋਂ ਇੱਕ ਦੀ ਮੌਤ ਹੋ ਗਈ ਹੈ ਅਤੇ ਦੂਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਚੇਤਕ ਹੈਲੀਕਾਪਟਰ ਦੀ ਟ੍ਰੇਨਿੰਗ ਲਈ ਵਰਤੋਂ ਕੀਤੀ ਜਾ ਰਹੀ ਸੀ, ਇਹ ਹੈਲੀਕਾਪਟਰ ਟ੍ਰੇਨਿੰਗ ਲਈ ਉੱਡਿਆ ਹੀ ਸੀ ਜਦੋਂ ਇਹ ਹਾਦਸਾਗ੍ਰਸਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਕੋਚੀ 'ਚ ਭਾਰਤੀ ਜਲ ਸੈਨਾ ਦੇ ਹੈੱਡਕੁਆਰਟਰ ਆਈਐੱਨਐੱਸ ਗਰੁੜ ਦੇ ਰਨਵੇ 'ਤੇ ਚੇਤਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਮੁੱਢਲੀ ਰਿਪੋਰਟ ਮੁਤਾਬਕ ਇਹ ਹਾਦਸਾ ਸ਼ਨੀਵਾਰ ਦੁਪਹਿਰ ਕਰੀਬ 2:30 ਵਜੇ ਵਾਪਰਿਆ। ਫਿਲਹਾਲ ਕੇਰਲ ਪੁਲਿਸ ਅਤੇ ਆਰਮੀ ਏਜੰਸੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।






ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਅਤੇ ਭਾਰਤੀ ਜਲ ਸੈਨਾ ਦੇ ਸਾਰੇ ਕਰਮਚਾਰੀਆਂ ਨੇ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਸਾਥੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਦੁੱਖ ਪ੍ਰਗਟਾਇਆ। ਭਾਰਤੀ ਜਲ ਸੈਨਾ ਦੇ ਬੁਲਾਰੇ ਨੇ ਕਿਹਾ, “ਅਸੀਂ ਕੋਚੀ ਵਿਖੇ ਇੱਕ ਮੰਦਭਾਗੀ ਦੁਰਘਟਨਾ ਵਿੱਚ ਆਪਣੀ ਜਾਨ ਗੁਆਉਣ ਵਾਲੇ ਐਲਏਐਮ ਯੋਗੇਂਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਅਤੇ ਉਨ੍ਹਾਂ ਦੇ ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ।”


ਮੀਡੀਆ ਰਿਪੋਰਟਾਂ ਮੁਤਾਬਕ ਦੁਪਹਿਰ ਕਰੀਬ 2.30 ਵਜੇ ਰਨਵੇਅ 'ਤੇ ਟੇਕ ਆਫ ਕਰਦੇ ਸਮੇਂ ਹੋਏ ਹਾਦਸੇ 'ਚ ਹੈਲੀਕਾਪਟਰ ਦੇ ਰੋਟਰ ਬਲੇਡ ਨਾਲ ਕੱਟਣ ਕਾਰਨ ਇੱਕ ਅਧਿਕਾਰੀ ਦੀ ਮੌਤ ਹੋ ਗਈ ਹੈ, ਜਦਕਿ ਪਾਇਲਟ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਜ਼ਖਮੀ ਨੂੰ ਭਾਰਤੀ ਜਲ ਸੈਨਾ ਦੇ ਸੰਜੀਵਨੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ।