Chandrayaan 3 Launch: ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਨੇ ਚੰਦਰਯਾਨ 3 ਦੇ ਲਾਂਚ ਦੀ ਤਾਰੀਖ ਦਾ ਐਲਾਨ ਕੀਤਾ ਹੈ। ਇਸਰੋ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਇਸਰੋ ਨੇ ਟਵੀਟ 'ਚ ਦੱਸਿਆ ਕਿ ਚੰਦਰਯਾਨ 3 ਨੂੰ 14 ਜੁਲਾਈ ਨੂੰ ਦੁਪਹਿਰ ਬਾਅਦ ਲਾਂਚ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ, ਇਸਰੋ ਨੇ ਚੰਦਰਯਾਨ-3 ਨੂੰ ਬੁੱਧਵਾਰ (05 ਜੁਲਾਈ) ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਆਪਣੇ ਨਵੇਂ ਲਾਂਚ ਰਾਕੇਟ LVM-3 ਨਾਲ ਜੋੜਿਆ ਸੀ। ਚੰਦਰਯਾਨ-2 ਤੋਂ ਬਾਅਦ ਚੰਦਰਯਾਨ-3 ਨੂੰ ਚੰਦਰਮਾ ਦੀ ਸਤ੍ਹਾ 'ਤੇ ਉਪਕਰਨਾਂ ਨੂੰ ਸੁਰੱਖਿਅਤ ਰੂਪ ਨਾਲ ਉਤਾਰਨ ਅਤੇ ਖੋਜ ਗਤੀਵਿਧੀਆਂ ਨੂੰ ਚਲਾਉਣ ਲਈ ਇਸ ਮਹੀਨੇ ਲਾਂਚ ਕੀਤਾ ਜਾ ਰਿਹਾ ਹੈ।
ਲੈਂਡਿੰਗ ਤੋਂ ਪਹਿਲਾਂ ਚੰਦਰਯਾਨ-3 ਚੰਦਰਮਾ ਦੀ ਸਤ੍ਹਾ ਤੋਂ 100 ਕਿਲੋਮੀਟਰ ਉੱਪਰ ਇੱਕ ਗੋਲ ਚੱਕਰ ਵਿੱਚ ਘੁੰਮੇਗਾ। ਇਸ ਤੋਂ ਬਾਅਦ ਚੰਦਰਯਾਨ-3 ਦਾ ਏਕੀਕ੍ਰਿਤ ਮੋਡੀਊਲ 100X30 ਕਿਲੋਮੀਟਰ ਦੇ ਅੰਡਾਕਾਰ ਔਰਬਿਟ ਵਿੱਚ ਆ ਜਾਵੇਗਾ। ਜਿੱਥੇ ਪ੍ਰੋਪਲਸ਼ਨ ਮਾਡਿਊਲ ਚੰਦਰਯਾਨ-3 ਦੇ ਲੈਂਡਰ ਮਾਡਿਊਲ ਨੂੰ ਛੱਡ ਦੇਵੇਗਾ। ਪ੍ਰੋਪਲਸ਼ਨ ਮੋਡੀਊਲ ਉਸੇ ਔਰਬਿਟ ਵਿੱਚ ਘੁੰਮਦਾ ਰਹੇਗਾ। ਜਦਕਿ ਲੈਂਡਰ ਚੰਦਰਮਾ ਦੀ ਸਤ੍ਹਾ 'ਤੇ ਉਤਰਨਾ ਸ਼ੁਰੂ ਕਰ ਦੇਵੇਗਾ।
ਚੰਦਰਯਾਨ-3 ਦਾ ਲੈਂਡਰ ਚੰਦਰਮਾ ਦੀ ਸਤ੍ਹਾ 'ਤੇ ਕਿਵੇਂ ਉਤਰੇਗਾ?
ਇਸ ਵਾਰ ਚੰਦਰਯਾਨ-3 ਦੇ ਲੈਂਡਰ ਵਿੱਚ ਚਾਰ ਇੰਜਣ ਲਗਾਏ ਗਏ ਹਨ। ਇਹਨਾਂ ਨੂੰ ਥਰਸਟਰ ਕਿਹਾ ਜਾਂਦਾ ਹੈ। ਹਰ ਇੰਜਣ 800 ਨਿਊਟਨ ਪਾਵਰ ਪੈਦਾ ਕਰਦਾ ਹੈ। ਇਸ ਤੋਂ ਇਲਾਵਾ, ਲੈਂਡਰ ਵਿੱਚ ਚਾਰੇ ਦਿਸ਼ਾਵਾਂ ਵਿੱਚ ਕੁੱਲ ਅੱਠ ਛੋਟੇ ਇੰਜਣ ਹਨ, ਜੋ ਵਾਹਨ ਨੂੰ ਦਿਸ਼ਾ ਦੇਣ ਅਤੇ ਘੁੰਮਾਉਣ ਵਿੱਚ ਮਦਦ ਕਰਨਗੇ। ਇਨ੍ਹਾਂ ਨੂੰ ਲੈਂਡਰ ਪ੍ਰੋਪਲਸ਼ਨ ਸਿਸਟਮ ਕਿਹਾ ਜਾਂਦਾ ਹੈ। ਇਨ੍ਹਾਂ ਦੀ ਮਦਦ ਨਾਲ ਲੈਂਡਰ ਚੰਦਰਮਾ ਦੀ ਸਤ੍ਹਾ 'ਤੇ 2 ਮੀਟਰ ਪ੍ਰਤੀ ਸਕਿੰਟ ਦੀ ਰਫਤਾਰ ਨਾਲ ਹੇਠਾਂ ਉਤਰੇਗਾ। ਪਰ ਇਹ ਸਤ੍ਹਾ 'ਤੇ ਉਤਰਨ ਸਮੇਂ 0.5 ਮੀਟਰ ਪ੍ਰਤੀ ਸਕਿੰਟ ਦੀ ਰਫਤਾਰ ਨਾਲ ਘੁੰਮੇਗਾ। ਯਾਨੀ ਜਿਵੇਂ ਹੈਲੀਕਾਪਟਰ ਜ਼ਮੀਨ ਤੋਂ ਹੌਲੀ-ਹੌਲੀ ਹੇਠਾਂ ਉਤਰਦਾ ਹੈ।
ਸੈਂਸਰ ਦੀ ਮਦਦ ਨਾਲ ਜਗ੍ਹਾ ਲੱਭਣ ਤੋਂ ਬਾਅਦ ਲੈਂਡਰ ਲੈਂਡ ਕਰੇਗਾ
ਲੈਂਡਿੰਗ ਸਾਈਟ ਦੇ ਨੈਵੀਗੇਸ਼ਨ ਅਤੇ ਕੋਆਰਡੀਨੇਟਸ ਚੰਦਰਯਾਨ-3 ਲੈਂਡਰ ਵਿੱਚ ਪਹਿਲਾਂ ਤੋਂ ਫੀਡ ਕੀਤੇ ਜਾਂਦੇ ਹਨ। ਸੈਂਕੜੇ ਸੈਂਸਰ ਲਗਾਏ ਗਏ ਹਨ। ਜਿਸ ਨਾਲ ਲੈਂਡਿੰਗ ਅਤੇ ਹੋਰ ਕੰਮਾਂ 'ਚ ਮਦਦ ਮਿਲੇਗੀ। ਇਹ ਸੈਂਸਰ ਲੈਂਡਰ ਦੀ ਲੈਂਡਿੰਗ ਸਮੇਂ ਉਚਾਈ, ਲੈਂਡਿੰਗ ਸਥਾਨ, ਗਤੀ, ਪੱਥਰਾਂ ਤੋਂ ਲੈਂਡਰ ਨੂੰ ਬਚਾਉਣ ਵਿੱਚ ਮਦਦ ਕਰਨਗੇ। ਚੰਦਰਯਾਨ-3 7 ਕਿਲੋਮੀਟਰ ਦੀ ਉਚਾਈ ਤੋਂ ਚੰਦਰਮਾ ਦੀ ਸਤ੍ਹਾ 'ਤੇ ਉਤਰਨਾ ਸ਼ੁਰੂ ਕਰੇਗਾ। ਇਸ ਦੇ ਸੈਂਸਰ 2 ਕਿਲੋਮੀਟਰ ਦੀ ਉਚਾਈ 'ਤੇ ਪਹੁੰਚਦੇ ਹੀ ਕੰਮ ਕਰਨਾ ਸ਼ੁਰੂ ਕਰ ਦੇਣਗੇ। ਸੈਂਸਰਾਂ ਮੁਤਾਬਕ ਲੈਂਡਰ ਆਪਣੀ ਦਿਸ਼ਾ, ਸਪੀਡ ਅਤੇ ਲੈਂਡਿੰਗ ਸਾਈਟ ਨੂੰ ਤੈਅ ਕਰੇਗਾ।