Vice President Election 2022 : ਬੰਗਾਲ ਦੇ ਰਾਜਪਾਲ ਜਗਦੀਪ ਧਨਖੜ  (West Bengal Governor Jagdeep Dhankhar)  ਨੂੰ ਐਨਡੀਏ ਨੇ ਉਪ ਰਾਸ਼ਟਰਪਤੀ ਦਾ ਉਮੀਦਵਾਰ ਐਲਾਨਿਆ ਹੈ। ਹਾਲ ਹੀ 'ਚ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ 16 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ, ਉਦੋਂ ਸ਼ਾਇਦ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਭਾਜਪਾ ਉਨ੍ਹਾਂ ਨੂੰ ਅਗਲੇ ਉਪ ਰਾਸ਼ਟਰਪਤੀ ਵਜੋਂ ਮੌਕਾ ਦੇਣ ਜਾ ਰਹੀ ਹੈ। ਭਾਜਪਾ ਆਪਣੇ ਹਰ ਫੈਸਲੇ ਨਾਲ ਲੋਕਾਂ ਨੂੰ ਹੈਰਾਨ ਕਰਦੀ ਹੈ। ਇਸ ਵਾਰ ਵੀ ਅਜਿਹਾ ਹੀ ਹੋਇਆ। ਇਸ ਤੋਂ ਪਹਿਲਾਂ ਮੁਖਤਾਰ ਅੱਬਾਸ ਨਕਵੀ, ਕੈਪਟਨ ਅਮਰਿੰਦਰ ਸਿੰਘ ਅਤੇ ਕੇਰਲ ਦੇ ਰਾਜਪਾਲ ਮੁਹੰਮਦ ਆਰਿਫ ਨੂੰ ਲੈ ਕੇ ਅਟਕਲਾਂ ਲਾਈਆਂ ਜਾ ਰਹੀਆਂ ਸਨ ਪਰ ਆਖਰੀ ਸਮੇਂ 'ਚ ਜਗਦੀਪ ਧਨਖੜ ਦਾ ਨਾਂ ਸਾਹਮਣੇ ਆਇਆ।

ਜਗਦੀਪ ਧਨਖੜ ਦਾ ਜਨਮ 18 ਮਈ 1951 ਨੂੰ ਹੋਇਆ ਸੀ। ਧਨਖੜ ਬਾਰੇ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਉਹ ਆਈਆਈਟੀ, ਐਨਡੀਏ ਅਤੇ ਆਈਏਐਸ ਵਿੱਚ ਚੁਣੇ ਗਏ ਸਨ ਪਰ ਉਨ੍ਹਾਂ ਨੇ ਵਕਾਲਤ ਨੂੰ ਤਰਜੀਹ ਦਿੱਤੀ। ਉਹ ਰਾਜਸਥਾਨ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਸਾਲ 1989 ਵਿਚ ਧਨਖੜ ਨੇ ਪਹਿਲੀ ਵਾਰ ਰਾਜਨੀਤੀ ਵਿਚ ਪ੍ਰਵੇਸ਼ ਕੀਤਾ ਅਤੇ ਜਨਤਾ ਦਲ ਦੀ ਟਿਕਟ 'ਤੇ ਚੋਣ ਲੜੀ ਅਤੇ ਰਿਕਾਰਡ ਵੋਟਾਂ ਨਾਲ ਜਿੱਤ ਕੇ ਸੰਸਦ ਵਿਚ ਪਹੁੰਚੇ।

 ਰਾਜਸਥਾਨ ਸਿਆਸਤ ਦਾ ਮਸ਼ਹੂਰ ਚਿਹਰਾ ਧਨਖੜ



ਜਗਦੀਪ ਧਨਖੜ ਕਿਸੇ ਸਮੇਂ ਰਾਜਸਥਾਨ ਦੀ ਰਾਜਨੀਤੀ ਦਾ ਜਾਣਿਆ-ਪਛਾਣਿਆ ਚਿਹਰਾ ਰਿਹਾ ਹੈ। ਜਗਦੀਪ ਧਨਖੜ ਵੱਲੋਂ ਪੱਛਮੀ ਬੰਗਾਲ ਵਿੱਚ ਰਾਜਪਾਲ ਵਜੋਂ ਸ਼ਾਨਦਾਰ ਕੰਮ ਕਰਨ ਦਾ ਵੱਡਾ ਨਤੀਜਾ ਸਾਹਮਣੇ ਆਇਆ ਹੈ। ਜਗਦੀਪ ਧਨਖੜ ਰਾਜਸਥਾਨ ਦੇ ਜਾਟ ਭਾਈਚਾਰੇ ਤੋਂ ਆਉਂਦਾ ਹੈ ਅਤੇ ਰਾਜਸਥਾਨ ਵਿੱਚ ਜਾਟਾਂ ਨੂੰ ਰਾਖਵਾਂਕਰਨ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਸੀ। ਧਨਖੜ ਨੂੰ ਸਿਆਸੀ ਜੂਏਬਾਜ਼ ਅਤੇ ਕਾਨੂੰਨੀ ਮਾਹਿਰ ਮੰਨਿਆ ਜਾਂਦਾ ਰਿਹਾ ਹੈ। ਧਨਖੜ ਪਾਰਟੀ ਦੇ ਅੰਦਰ ਆਪਣੇ ਸਬੰਧਾਂ ਲਈ ਜਾਣੇ ਜਾਂਦੇ ਹਨ ,ਜਿਸ ਵਿੱਚ ਉਹ ਇੱਕ ਮਾਸਟਰ ਹੈ।

ਜਨਤਾ ਦਲ, ਕਾਂਗਰਸ ਤੋਂ ਬਾਅਦ 2003 ਵਿੱਚ ਭਾਜਪਾ ਵਿੱਚ ਹੋਏ ਸ਼ਾਮਲ 


ਜਗਦੀਪ ਧਨਖੜ ਝੁੰਝਨੂ ਤੋਂ ਜਨਤਾ ਦਲ ਦੇ ਸੰਸਦ ਮੈਂਬਰ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਦਾ ਹੱਥ ਫੜਿਆ ਅਤੇ ਅਜਮੇਰ ਤੋਂ ਕਾਂਗਰਸ ਦੀ ਟਿਕਟ 'ਤੇ ਲੋਕ ਸਭਾ ਚੋਣ ਲੜੀ, ਹਾਲਾਂਕਿ ਇਸ ਚੋਣ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਸਾਲ 2003 ਵਿੱਚ ਧਨਖੜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਅਜਮੇਰ ਦੇ ਕਿਸ਼ਨਗੰਜ ਤੋਂ ਵਿਧਾਇਕ ਚੁਣੇ ਗਏ। ਧਨਖੜ ਸਿਰਫ ਇਕ ਨੇਤਾ ਹੀ ਨਹੀਂ ਹਨ, ਉਹ ਸੁਪਰੀਮ ਕੋਰਟ ਦੇ ਮਸ਼ਹੂਰ ਵਕੀਲ ਵੀ ਹਨ।