ਨਵੀਂ ਦਿੱਲੀ : ਹਨੂੰਮਾਨ ਜੈਅੰਤੀ ਮੌਕੇ ਦਿੱਲੀ ਦੇ ਜਹਾਂਗੀਰਪੁਰੀ 'ਚ ਹਿੰਸਾ ਭੜਕ ਗਈ ਸੀ। ਸੋਭਾ ਯਾਤਰਾ ਦੌਰਾਨ ਭੜਕੀ ਹਿੰਸਾ 'ਚ ਪੁਲਿਸ ਹੁਣ ਦੋਸ਼ੀਆਂ ਖਿਲਾਫ ਕਾਰਵਾਈ ਕਰ ਰਹੀ ਹੈ। ਇਸ ਮਾਮਲੇ ਨਾਲ ਸਬੰਧਤ ਪੰਜ ਮੁੱਖ ਮੁਲਜ਼ਮਾਂ 'ਤੇ ਹੁਣ ਐਨ.ਐਸ.ਏ. ਲਗਾ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਕੁਝ ਨਵੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਹਨ। ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਤੇਜ਼ ਹੋ ਗਈ ਹੈ।


ਹੁਣ ਤੱਕ 26 ਲੋਕਾਂ ਨੂੰ ਕੀਤਾ ਗ੍ਰਿਫਤਾਰ 


ਦਿੱਲੀ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਜਾਂਚ ਸ਼ੁਰੂਆਤੀ ਦੌਰ ਵਿੱਚ ਹੈ ਅਤੇ ਫਿਲਹਾਲ ਸ਼ਨਾਖਤ ਤੋਂ ਬਾਅਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਪੁਲਸ ਨੇ ਹੁਣ ਇਕ ਦੋਸ਼ੀ ਨੂੰ ਪਿਸਤੌਲ ਦੇਣ ਵਾਲੇ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਵਿਅਕਤੀ ਦਾ ਨਾਂ ਗੁੱਲੀ ਹੈ, ਜੋ ਮੁਲਜ਼ਮ ਸੋਨੂੰ ਚਿਕਨਾ ਨੂੰ ਹਥਿਆਰ ਸਪਲਾਈ ਕਰਦਾ ਸੀ। ਪੁਲਿਸ ਨੇ ਹੁਣ ਤੱਕ ਕੁੱਲ 26 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਕੁਝ ਨਾਬਾਲਗ ਵੀ ਸ਼ਾਮਲ ਹਨ। ਭਵਿੱਖ ਵਿੱਚ ਇਸ ਹਿੰਸਾ ਦੇ ਸਬੰਧ ਵਿੱਚ ਕੁਝ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ। ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਹਥਿਆਰ ਰੱਖਣ ਵਾਲੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


ਪੰਜ ਮੁਲਜ਼ਮਾਂ ਖ਼ਿਲਾਫ਼  NSA

 

ਗ੍ਰਹਿ ਮੰਤਰਾਲੇ ਵੱਲੋਂ ਦਿੱਲੀ ਹਿੰਸਾ ਦੇ 5 ਦੋਸ਼ੀਆਂ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਕਾਰਵਾਈ ਕਰਨ ਦਾ ਫੈਸਲਾ ਲਿਆ ਗਿਆ ਹੈ। ਮੁੱਖ ਮੁਲਜ਼ਮ ਅੰਸਾਰ ਤੋਂ ਇਲਾਵਾ ਮੁਲਜ਼ਮ ਸਲੀਮ, ਇਮਾਮ ਸ਼ੇਖ ਉਰਫ਼ ਸੋਨੂੰ, ਦਿਲਸ਼ਾਦ ਅਤੇ ਅਹੀਰ ਦੇ ਨਾਂ ਸ਼ਾਮਲ ਹਨ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਸਨ। ਉਨ੍ਹਾਂ ਕਿਹਾ ਸੀ ਕਿ ਇਸ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਨਾਲ ਹੀ ਅਜਿਹੀ ਸਖ਼ਤ ਕਾਰਵਾਈ ਕੀਤੀ ਜਾਵੇ ਕਿ ਕੋਈ ਮੁੜ ਹਿੰਸਾ ਕਰਨ ਬਾਰੇ ਨਾ ਸੋਚੇ। ਇਸ ਤੋਂ ਇਲਾਵਾ ਅਮਿਤ ਸ਼ਾਹ ਨੇ ਜਾਂਚ ਤੇਜ਼ ਕਰਨ ਦੀ ਗੱਲ ਵੀ ਕਹੀ ਸੀ।

ਸਿਆਸੀ ਹਲਚਲ ਵੀ ਸ਼ੁਰੂ 


ਜਿੱਥੇ ਪੁਲਿਸ ਦਿੱਲੀ ਹਿੰਸਾ ਦੇ ਦੋਸ਼ੀਆਂ ਦੀ ਗਿ੍ਫ਼ਤਾਰੀ 'ਚ ਲੱਗੀ ਹੋਈ ਹੈ, ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਸਿਆਸੀ ਪਾਰਟੀਆਂ 'ਚ ਹੰਗਾਮਾ ਮਚ ਗਿਆ ਹੈ। ਦਿੱਲੀ 'ਚ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਲਗਾਤਾਰ ਇਕ-ਦੂਜੇ 'ਤੇ ਦੋਸ਼ ਲਗਾ ਰਹੀਆਂ ਹਨ। ਪਹਿਲਾਂ ਜਿੱਥੇ ਭਾਜਪਾ ਦੇ ਮੁੱਖ ਮੁਲਜ਼ਮ ਅੰਸਾਰ ਨੂੰ ਆਮ ਆਦਮੀ ਪਾਰਟੀ ਦਾ ਵਰਕਰ ਦੱਸਿਆ ਜਾਂਦਾ ਸੀ, ਉੱਥੇ ਹੀ ਹੁਣ ਆਮ ਆਦਮੀ ਪਾਰਟੀ ਵੱਲੋਂ ਵੀ ਮੁਲਜ਼ਮ ਦੀ ਤਸਵੀਰ ਭਾਜਪਾ ਆਗੂਆਂ ਨਾਲ ਸਾਂਝੀ ਕੀਤੀ ਗਈ ਹੈ। ਜਿਸ ਦੇ ਆਧਾਰ 'ਤੇ 'ਆਪ' ਦੋਸ਼ ਲਗਾ ਰਹੀ ਹੈ ਕਿ ਇਹ ਸਭ ਕੁਝ ਭਾਜਪਾ ਦੇ ਇਸ਼ਾਰੇ 'ਤੇ ਹੋਇਆ ਹੈ। ਇਸ ਦੇ ਨਾਲ ਹੀ ਕਾਂਗਰਸ ਵੀ ਭਾਜਪਾ ਦੀ ਕੇਂਦਰ ਸਰਕਾਰ 'ਤੇ ਹਮਲਾਵਰ ਹੈ। ਇਨ੍ਹਾਂ ਹਮਲਿਆਂ ਦਾ ਬਚਾਅ ਕਰਨ ਲਈ ਭਾਜਪਾ ਦੇ ਬੁਲਾਰੇ ਲਗਾਤਾਰ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਜਪਾ ਵੱਲੋਂ ਕਾਂਗਰਸ ਨੂੰ ਆਪਣੇ ਰਾਜ ਦੌਰਾਨ ਹੋਏ ਦੰਗਿਆਂ ਦੀ ਯਾਦ ਦਿਵਾਈ ਜਾ ਰਹੀ ਹੈ। ਭਾਜਪਾ ਆਗੂਆਂ ਨੇ ਪੁਲੀਸ ਕਮਿਸ਼ਨਰ ਨਾਲ ਵੀ ਮੁਲਾਕਾਤ ਕਰਕੇ ਮੁਲਜ਼ਮਾਂ ਦੇ ਆਮ ਆਦਮੀ ਪਾਰਟੀ ਨਾਲ ਸਬੰਧਾਂ ਦੀ ਜਾਂਚ ਦੀ ਮੰਗ ਕੀਤੀ ਹੈ।

ਫਿਲਹਾਲ ਜਹਾਂਗੀਰਪੁਰੀ ਇਲਾਕੇ 'ਚ ਬਣੀ ਹੋਈ ਹੈ ਸ਼ਾਂਤੀ  


ਦਿੱਲੀ ਦੇ ਜਹਾਂਗੀਰਪੁਰੀ ਖੇਤਰ ਦੇ ਕੁਸ਼ਲ ਚੌਕ ਨੇੜੇ ਸੜਕਾਂ 'ਤੇ ਮੰਗਲਵਾਰ ਨੂੰ ਕੁਝ ਆਮ ਗਤੀਵਿਧੀਆਂ ਮੁੜ ਸ਼ੁਰੂ ਹੋਈਆਂ ਪਰ ਹਿੰਸਾ ਪ੍ਰਭਾਵਿਤ ਖੇਤਰ ਵਿਚ ਤਣਾਅਪੂਰਨ ਸ਼ਾਂਤੀ ਬਣੀ ਰਹੀ। ਅੱਜ ਲਗਾਤਾਰ ਚੌਥੇ ਦਿਨ ਵੀ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ ਪਰ ਕੁਸ਼ਲ ਚੌਕ ਨੇੜੇ ਸੜਕਾਂ ’ਤੇ ਕੁਝ ਸਬਜ਼ੀਆਂ ਅਤੇ ਫਲਾਂ ਦੀਆਂ ਰੇਹੜੀਆਂ ਦੇਖਣ ਨੂੰ ਮਿਲੀਆਂ। ਲੋਕ ਸਬਜ਼ੀਆਂ ਅਤੇ ਕਰਿਆਨੇ ਦਾ ਸਮਾਨ ਖਰੀਦਦੇ ਦੇਖੇ ਗਏ। ਸਥਾਨਕ ਲੋਕਾਂ ਅਨੁਸਾਰ ਪਿਛਲੇ ਦਿਨ ਦੇ ਮੁਕਾਬਲੇ ਸਥਿਤੀ ਵਿੱਚ ਸੁਧਾਰ ਹੋਇਆ ਹੈ। ਹਾਲਾਂਕਿ, ਆਮ ਜਨਜੀਵਨ ਅਜੇ ਵੀ ਪ੍ਰਭਾਵਿਤ ਹੈ ਅਤੇ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀ ਤਾਇਨਾਤ ਹਨ।