Rajasthan Political Crisis: ਕਾਂਗਰਸ ਦੇ ਪ੍ਰਧਾਨ ਦੀ ਚੋਣ ਅਤੇ ਰਾਜਸਥਾਨ (Rajasthan) ਦੇ ਨਵੇਂ ਮੁੱਖ ਮੰਤਰੀ ਦੀ ਨਿਯੁਕਤੀ ਨੂੰ ਲੈ ਕੇ ਕਾਂਗਰਸ 'ਚ ਚੱਲ ਰਿਹਾ ਸਿਆਸੀ ਹੰਗਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (sonia gandhi) ਨੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ (Kamal Nath)ਨੂੰ ਦਿੱਲੀ ਬੁਲਾਇਆ ਹੈ। ਸੋਨੀਆ ਦੇ ਸੱਦੇ 'ਤੇ ਕਮਲਨਾਥ ਦਿੱਲੀ ਪਹੁੰਚ ਗਏ ਹਨ। ਕਮਲਨਾਥ ਦੇ ਦਿੱਲੀ ਆਉਣ ਤੋਂ ਬਾਅਦ ਸਿਆਸੀ ਹਲਕਿਆਂ 'ਚ ਕਿਆਸ ਲਗਾਏ ਜਾ ਰਹੇ ਸਨ ਕਿ ਕੀ ਕਮਲਨਾਥ ਨੂੰ ਕਾਂਗਰਸ ਦੀ ਕਮਾਨ ਸੌਂਪੀ ਜਾ ਸਕਦੀ ਹੈ।


ਸੋਨੀਆ ਗਾਂਧੀ ਨੂੰ ਮਿਲਣ ਲਈ ਕਮਲਨਾਥ 10 ਜਨਪਥ ਪਹੁੰਚੇ। ਕਮਲਨਾਥ ਤੋਂ ਇਲਾਵਾ ਪ੍ਰਿਅੰਕਾ ਗਾਂਧੀ ਵੀ 10 ਜਨਪਥ ਪਹੁੰਚੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਲਨਾਥ ਨੇ ਕਿਹਾ ਕਿ ਉਹ ਨਾ ਤਾਂ ਨਾਮਜ਼ਦਗੀ ਦਾਖ਼ਲ ਕਰ ਰਹੇ ਹਨ ਅਤੇ ਨਾ ਹੀ ਅਸ਼ੋਕ ਗਹਿਲੋਤ ਨਾਲ ਗੱਲ ਕਰਨ ਜਾ ਰਹੇ ਹਨ। ਕਮਲਨਾਥ ਨੇ ਕਿਹਾ ਕਿ ਉਨ੍ਹਾਂ ਦੀ ਕਾਂਗਰਸ ਪ੍ਰਧਾਨ ਦੇ ਅਹੁਦੇ 'ਤੇ ਕੋਈ ਦਿਲਚਸਪੀ ਨਹੀਂ ਹੈ। ਉਹ ਨਵਰਾਤਰੀ ਲਈ ਹੀ ਦਿੱਲੀ ਆਏ ਹਨ।


ਕਮਲਨਾਥ-ਸੋਨੀਆ ਦੀ ਮੁਲਾਕਾਤ ਤੋਂ ਤਸਵੀਰ ਸਾਫ਼ ਹੋ ਜਾਵੇਗੀ


ਜ਼ਿਕਰਯੋਗ ਹੈ ਕਿ ਰਾਜਸਥਾਨ 'ਚ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵਿਚਾਲੇ ਹੋਈ ਤਕਰਾਰ ਨੇ ਹਾਈਕਮਾਂਡ ਨੂੰ ਤਣਾਅ 'ਚ ਪਾ ਦਿੱਤਾ ਹੈ। ਰਾਜਸਥਾਨ 'ਚ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਬਣਾਏ ਜਾਣ ਦੇ ਵਿਰੋਧ 'ਚ ਗਹਿਲੋਤ ਧੜੇ ਦੇ ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ ਸੋਨੀਆ ਗਾਂਧੀ ਨੇ ਕਮਲਨਾਥ ਨੂੰ ਦਿੱਲੀ ਬੁਲਾਇਆ ਹੈ। ਸੂਤਰਾਂ ਦੀ ਮੰਨੀਏ ਤਾਂ ਕਮਲਨਾਥ ਅਤੇ ਸੋਨੀਆ ਗਾਂਧੀ ਦੀ ਮੁਲਾਕਾਤ ਤੋਂ ਬਾਅਦ ਅੱਜ ਕੁਝ ਤਸਵੀਰ ਸਪੱਸ਼ਟ ਹੋਣ ਦੀ ਉਮੀਦ ਹੈ।


ਗਹਿਲੋਤ ਤੋਂ ਨਾਰਾਜ਼ ਕਾਂਗਰਸ ਹਾਈਕਮਾਨ


ਕਾਂਗਰਸ ਪ੍ਰਧਾਨ ਦੀ ਦੌੜ ਵਿੱਚ ਸਭ ਤੋਂ ਅੱਗੇ ਮੰਨੇ ਜਾਂਦੇ ਅਸ਼ੋਕ ਗਹਿਲੋਤ ਤੋਂ ਕਾਂਗਰਸ ਹਾਈਕਮਾਂਡ ਨਾਰਾਜ਼ ਦੱਸੀ ਜਾਂਦੀ ਹੈ। ਰਾਜਸਥਾਨ ਵਿੱਚ ਸਿਆਸੀ ਸੰਕਟ ਲਈ ਉਸ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਕਾਂਗਰਸ ਸੂਤਰਾਂ ਦੀ ਮੰਨੀਏ ਤਾਂ ਹੁਣ ਅਸ਼ੋਕ ਗਹਿਲੋਤ ਦੀ ਥਾਂ ਹੋਰ ਨਾਵਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਰਾਜਸਥਾਨ 'ਚ ਇਸ ਸਿਆਸੀ ਉਥਲ-ਪੁਥਲ ਦੌਰਾਨ ਕਮਲਨਾਥ ਦਾ ਨਾਂ ਸਭ ਤੋਂ ਅੱਗੇ ਆਇਆ ਹੈ। ਮੰਨਿਆ ਜਾ ਰਿਹਾ ਹੈ ਕਿ ਜੀ-23 ਦੇ ਨੇਤਾ ਵੀ ਕਮਲਨਾਥ ਨੂੰ ਪ੍ਰਧਾਨ ਬਣਾਉਣ 'ਤੇ ਸਹਿਮਤ ਹੋ ਸਕਦੇ ਹਨ।