Accident in Gaurikund: ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ 'ਚ ਐਤਵਾਰ ਸਵੇਰੇ ਕੇਦਾਰਨਾਥ ਧਾਮ ਦੇ ਫੁੱਟਪਾਥ 'ਤੇ ਪਹਾੜੀ ਤੋਂ ਢਿੱਗਾਂ ਡਿੱਗਣ ਕਾਰਨ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਤੇ ਅੱਠ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਮਹਾਰਾਸ਼ਟਰ ਦੇ ਦੋ ਸ਼ਰਧਾਲੂ ਵੀ ਸ਼ਾਮਲ ਹਨ।
ਰੁਦਰਪ੍ਰਯਾਗ ਦੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 7.30 ਵਜੇ ਗੌਰੀਕੁੰਡ-ਕੇਦਾਰਨਾਥ ਫੁੱਟਪਾਥ 'ਤੇ ਗੌਰੀਕੁੰਡ ਤੋਂ ਤਿੰਨ ਕਿਲੋਮੀਟਰ ਅੱਗੇ ਚੀਰਵਾਸਾ ਨੇੜੇ ਵਾਪਰਿਆ, ਜਿੱਥੇ ਉੱਥੋਂ ਲੰਘ ਰਹੇ ਸ਼ਰਧਾਲੂ ਮਲਬੇ ਤੇ ਭਾਰੀ ਪੱਥਰਾਂ ਦੀ ਲਪੇਟ 'ਚ ਆ ਗਏ।
ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਅਨੁਸਾਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਤੇ ਆਫ਼ਤ ਪ੍ਰਬੰਧਨ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।
ਐੱਸ.ਡੀ.ਆਰ.ਐੱਫ. ਦੇ ਸੂਤਰਾਂ ਨੇ ਦੱਸਿਆ ਕਿ ਹੁਣ ਤੱਕ ਮਲਬੇ 'ਚੋਂ ਤਿੰਨ ਸ਼ਰਧਾਲੂਆਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ, ਜਦਕਿ ਅੱਠ ਲੋਕਾਂ ਨੂੰ ਜ਼ਖਮੀ ਹਾਲਤ 'ਚ ਬਚਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ। ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।
ਸੂਤਰਾਂ ਅਨੁਸਾਰ ਇਹ ਸ਼ਰਧਾਲੂ ਕੇਦਾਰਨਾਥ ਧਾਮ ਦੇ ਦਰਸ਼ਨਾਂ ਲਈ ਜਾ ਰਹੇ ਸਨ ਅਤੇ ਸਵੇਰੇ ਗੌਰੀਕੁੰਡ ਤੋਂ ਪੈਦਲ ਚੱਲ ਪਏ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕਿਸ਼ੋਰ ਅਰੁਣ ਪਰਾਟੇ (31) ਵਾਸੀ ਨਾਗਪੁਰ (ਮਹਾਰਾਸ਼ਟਰ), ਸੁਨੀਲ ਮਹਾਦੇਵ ਕਾਲੇ (24) ਵਾਸੀ ਜਾਲਨਾ (ਮਹਾਰਾਸ਼ਟਰ) ਅਤੇ ਅਨੁਰਾਗ ਬਿਸ਼ਟ ਵਾਸੀ (ਰੁਦਰਪ੍ਰਯਾਗ) ਵਜੋਂ ਹੋਈ ਹੈ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਮੁੱਖ ਮੰਤਰੀ ਨੇ ਇਸ ਘਟਨਾ ਨੂੰ ਦੁਖਦਾਈ ਦੱਸਿਆ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਮ੍ਰਿਤਕਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਦੇਣ ਅਤੇ ਦੁਖੀ ਪਰਿਵਾਰਕ ਮੈਂਬਰਾਂ ਨੂੰ ਇਹ ਘਾਟਾ ਸਹਿਣ ਦਾ ਬਲ ਬਖਸ਼ਣ।