Khalistan Protest: ਖਾਲਿਸਤਾਨ ਪੱਖੀ ਜਥੇਬੰਦੀ ਦੇ ਲੀਡਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ 8 ਜੁਲਾਈ ਨੂੰ ਵਿਦੇਸ਼ਾਂ 'ਚ ਖਾਲਿਸਤਾਨੀ ਸਮਰਥਕਾਂ ਵੱਲੋਂ 'ਕਿੱਲ ਇੰਡੀਆ' ਰੈਲੀ ਕੀਤੀ ਗਈ। ਯੂਕੇ ਤੇ ਆਸਟਰੇਲੀਆ ਵਿੱਚ ਭਾਰਤੀ ਦੂਤਾਵਾਸਾਂ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ। ਖਾਲਿਸਤਾਨੀ ਸਮਰਥਕਾਂ ਨੇ ਕੈਨੇਡਾ 'ਚ ਬਣੇ ਭਾਰਤ ਮਾਤਾ ਦੇ ਮੰਦਰ ਦੇ ਬਾਹਰ ਖਾਲਿਸਤਾਨੀ ਪੋਸਟਰ ਲਾ ਦਿੱਤੇ।



ਦੱਸ ਦਈਏ ਕਿ ਪਿਛਲੇ ਦਿਨੀਂ ਹਰਦੀਪ ਨਿੱਝਰ ਦੇ ਕਤਲ ਤੋਂ ਬਾਅਦ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ 8 ਜੁਲਾਈ ਨੂੰ ਯੂਕੇ, ਕੈਨੇਡਾ ਤੇ ਆਸਟ੍ਰੇਲੀਆ ਵਿੱਚ ਰੈਲੀਆਂ ਦਾ ਸੱਦਾ ਦਿੱਤਾ ਗਿਆ ਸੀ। ਇਸ ਲਈ ਭਾਰਤ ਸਰਕਾਰ ਨੇ ਸਬੰਧਤ ਦੇਸਾਂ ਕੋਲ ਇਤਰਾਜ਼ ਜਤਾਇਆ ਸੀ। ਇਸ ਲਈ ਸਥਾਨਕ ਪ੍ਰਸ਼ਾਸਨ ਤੇ ਪੁਲਿਸ ਨੇ ਦੂਤਾਵਾਸਾਂ ਦੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ।



ਇਸ ਦੌਰਾਨ ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਬਣੇ ਭਾਰਤ ਮਾਤਾ ਦੇ ਮੰਦਰ ਦੇ ਬਾਹਰ ਖਾਲਿਸਤਾਨੀਆਂ ਨੇ ਪੋਸਟਰ ਲਾ ਦਿੱਤੇ। ਖਾਲਿਸਤਾਨੀ ਸਮਰਥਕਾਂ ਨੇ ਇੱਥੇ ਪੋਸਟਰ ਲਗਾਏ ਤੇ ਤਸਵੀਰਾਂ ਨਾਲ ਭਾਰਤੀ ਡਿਪਲੋਮੈਟਾਂ ਨੂੰ ਧਮਕੀ ਦਿੱਤੀ। ਹਾਸਲ ਜਾਣਕਾਰੀ ਮੁਤਾਬਕ ਕੈਨੇਡਾ, ਅਮਰੀਕਾ, ਬ੍ਰਿਟੇਨ ਤੇ ਆਸਟ੍ਰੇਲੀਆ ਵਿੱਚ ਵੀ ਰੋਸ ਮੁਜ਼ਹਰੇ ਹੋਏ। ਉਧਰ, ਇਨ੍ਹਾਂ ਸਾਰੇ ਦੇਸ਼ਾਂ ਦੇ ਵਿਦੇਸ਼ ਮੰਤਰਾਲਿਆਂ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਉਹ ਆਪਣੀ ਧਰਤੀ 'ਤੇ ਅੱਤਵਾਦੀ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਦੇਣਗੇ।



ਉਧਰ, ਅਮਰੀਕਾ 'ਚ ਭਾਰਤੀ ਦੂਤਾਵਾਸ 'ਤੇ ਹਾਲ ਹੀ 'ਚ ਹੋਏ ਹਮਲੇ ਤੇ ਅੱਗ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਕਰੇਗੀ। ਭਾਰਤ ਤੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ 5 ਮੈਂਬਰਾਂ ਦੀ ਟੀਮ ਜਾਂਚ ਲਈ ਅਮਰੀਕਾ ਦੇ ਸੈਨ ਫਰਾਂਸਿਸਕੋ ਜਾਵੇਗੀ। ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ ਏਜੰਸੀ ਦੇ ਮੈਂਬਰਾਂ ਨੂੰ ਅਮਰੀਕਾ ਭੇਜਣ ਲਈ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ ਤੇ ਟੀਮ ਦੇ 17 ਜੁਲਾਈ ਨੂੰ ਰਵਾਨਾ ਹੋਣ ਦੀ ਸੰਭਾਵਨਾ ਹੈ।


ਦਰਅਸਲ ਕੈਨੇਡਾ 'ਚ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਵਿਰੋਧ 'ਚ 1 ਜੁਲਾਈ ਦੀ ਰਾਤ ਨੂੰ ਅਮਰੀਕਾ ਦੇ ਸੈਨ ਫਰਾਂਸਿਸਕੋ ਸਥਿਤ ਭਾਰਤੀ ਦੂਤਾਵਾਸ 'ਤੇ ਖਾਲਿਸਤਾਨੀ ਸਮਰਥਕਾਂ ਨੇ ਹਮਲਾ ਕਰਕੇ ਅੱਗ ਲਗਾ ਦਿੱਤੀ ਸੀ। ਹਾਲਾਂਕਿ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਬਾਅਦ ਖਾਲਿਸਤਾਨੀ ਸਮਰਥਕਾਂ ਤੇ ਸਿੱਖ ਫਾਰ ਜਸਟਿਸ ਵੱਲੋਂ ਪੋਸਟਰ ਵੀ ਜਾਰੀ ਕੀਤੇ ਗਏ।