Kejriwal and Khalistan: ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ NIA ਜਾਂਚ ਦੀ ਸਿਫਾਰਿਸ਼ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਕੇਜਰੀਵਾਲ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ‘ਸਿੱਖ ਫਾਰ ਜਸਟਿਸ’ ਤੋਂ ਸਿਆਸੀ ਫੰਡਿੰਗ ਲਈ ਹੈ।


ਐੱਲ.ਜੀ. ਨੂੰ ਵਰਲਡ ਹਿੰਦੂ ਫੈਡਰੇਸ਼ਨ ਦੇ ਰਾਸ਼ਟਰੀ ਜਨਰਲ ਸਕੱਤਰ ਆਸ਼ੂ ਮੋਂਗੀਆ ਦੀ ਸ਼ਿਕਾਇਤ ਮਿਲੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ (ਆਪ) ਨੇ 2014 ਤੋਂ 2022  ਦਰਮਿਆਨ ਖਾਲਿਸਤਾਨੀ ਅੱਤਵਾਦੀ ਸਮੂਹਾਂ ਤੋਂ 16 ਮਿਲੀਅਨ ਡਾਲਰ ਯਾਨੀ 133 ਕਰੋੜ ਰੁਪਏ ਲਏ ਹਨ। ਤਾਂ ਕਿ ਦਵਿੰਦਰ ਪਾਲ ਭੁੱਲਰ ਨੂੰ ਰਿਹਾਅ ਕੀਤਾ ਜਾ ਸਕੇ। ਇਸ ਸ਼ਿਕਾਇਤ ਦੇ ਆਧਾਰ 'ਤੇ LG ਨੇ ਇਹ ਸਿਫਾਰਿਸ਼ ਕੀਤੀ ਹੈ।


ਆਮ ਆਦਮੀ ਪਾਰਟੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। 'ਆਪ' ਨੇਤਾ ਸੌਰਭ ਭਾਰਦਵਾਜ ਨੇ ਕਿਹਾ ਕਿ ਐੱਲ.ਜੀ.ਸਾਹਿਬ ਚੋਣਾਂ ਦੇ ਮੌਸਮ 'ਚ ਸੁਰਖੀਆਂ ਬਟੋਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ LG ਦੇ ਸੰਵਿਧਾਨਕ ਅਹੁਦੇ ਦੀ ਦੁਰਵਰਤੋਂ ਹੈ। ਹਾਈ ਕੋਰਟ ਨੇ ਦੋ ਸਾਲ ਪਹਿਲਾਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਸੀ।


1 ਮਈ ਨੂੰ ਵਰਲਡ ਹਿੰਦੂ ਫੈਡਰੇਸ਼ਨ ਇੰਡੀਆ ਦੇ ਕੌਮੀ ਜਨਰਲ ਸਕੱਤਰ ਆਸ਼ੂ ਮੋਂਗੀਆ ਵੱਲੋਂ ਐਲਜੀ ਨੂੰ ਸ਼ਿਕਾਇਤ ਭੇਜੀ ਗਈ ਸੀ। ਇਸ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਸਾਬਕਾ 'ਆਪ' ਵਰਕਰ ਡਾ. ਮੁਨੀਸ਼ ਕੁਮਾਰ ਰਾਏਜ਼ਾਦਾ ਦੀਆਂ ਕੁਝ ਪੋਸਟਾਂ ਦਾ ਪ੍ਰਿੰਟਆਊਟ, ਇੱਕ ਪੱਤਰ ਅਤੇ ਇੱਕ ਪੈਨਡ੍ਰਾਈਵ ਵੀ ਸ਼ਾਮਲ ਸੀ।



ਆਪਣੀ ਸ਼ਿਕਾਇਤ ਵਿੱਚ ਆਸ਼ੂ ਮੋਂਗੀਆ ਨੇ ਪੈਨ ਡਰਾਈਵ ਤੋਂ ਇੱਕ ਵੀਡੀਓ ਦਾ ਜ਼ਿਕਰ ਕੀਤਾ ਸੀ, ਜਿਸ ਵਿੱਚ ਖਾਲਿਸਤਾਨੀ ਅੱਤਵਾਦੀ ਅਤੇ ਸਿੱਖ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਨੇ ਦਾਅਵਾ ਕੀਤਾ ਸੀ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ 'ਆਪ' ਨੇ 2014 ਤੋਂ 2022 ਦਰਮਿਆਨ ਖਾਲਿਸਤਾਨੀ ਗਰੁੱਪਾਂ ਤੋਂ 16 ਮਿਲੀਅਨ ਡਾਲਰ ਲਏ ਸਨ, ਮਤਲਬ ਕਿ 133.60 ਕਰੋੜ ਰੁਪਏ ਲਏ ਗਏ ਸਨ।


ਇਹ ਵੀ ਦਾਅਵਾ ਕੀਤਾ ਗਿਆ ਸੀ ਕਿ 2014 ਵਿੱਚ ਕੇਜਰੀਵਾਲ ਨੇ ਨਿਊਯਾਰਕ ਦੇ ਗੁਰਦੁਆਰਾ ਰਿਚਮੰਡ ਹਿੱਲ ਵਿਖੇ ਖਾਲਿਸਤਾਨ ਪੱਖੀ ਸਿੱਖਾਂ ਨਾਲ ਮੁਲਾਕਾਤ ਕੀਤੀ ਸੀ। ਇਸ ਮੀਟਿੰਗ ਵਿੱਚ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਜੇਕਰ ‘ਆਪ’ ਨੂੰ ਖਾਲਿਸਤਾਨੀ ਗਰੁੱਪਾਂ ਤੋਂ ਫੰਡ ਮਿਲਣਾ ਜਾਰੀ ਰਿਹਾ ਤਾਂ ਉਹ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਵਿੱਚ ਮਦਦ ਕਰਨਗੇ।


ਸ਼ਿਕਾਇਤ ਵਿਚ ਇਹ ਵੀ ਕਿਹਾ ਗਿਆ ਹੈ ਕਿ ਮੁਨੀਸ਼ ਕੁਮਾਰ ਰਾਏਜ਼ਾਦਾ, ਜੋ ਕਿ 2014 ਵਿਚ 'ਆਪ' ਵਰਕਰ ਸੀ, ਨੇ ਟਵਿੱਟਰ 'ਤੇ ਟਵੀਟ ਦੀ ਲੜੀ ਵਿਚ ਅਰਵਿੰਦ ਕੇਜਰੀਵਾਲ ਅਤੇ ਨਿਊਯਾਰਕ ਦੇ ਰਿਚਮੰਡ ਹਿੱਲ ਗੁਰਦੁਆਰੇ ਵਿਚ ਸਿੱਖ ਆਗੂਆਂ ਦੀ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਮੁਨੀਸ਼ ਨੇ ਆਪਣੇ ਟਵੀਟ ਵਿੱਚ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਸੀ ਕਿ ਕੇਜਰੀਵਾਲ ਨੇ ਜਨਤਕ ਮੀਟਿੰਗਾਂ ਤੋਂ ਇਲਾਵਾ ਇਸ ਗੁਰਦੁਆਰੇ ਵਿੱਚ ਖਾਲਿਸਤਾਨ ਪੱਖੀ ਸਿੱਖ ਆਗੂਆਂ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਵੀ ਕੀਤੀ ਸੀ।


ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਕੇਜਰੀਵਾਲ ਨੇ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਪੱਤਰ ਲਿਖ ਕੇ ਭੁੱਲਰ ਲਈ ਰਹਿਮ ਦੀ ਅਪੀਲ ਕੀਤੀ ਸੀ। ਇਸ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਇਕਬਾਲ ਸਿੰਘ ਨੂੰ ਲਿਖੀ ਚਿੱਠੀ ਵੀ ਸ਼ਾਮਲ ਸੀ। 27 ਜਨਵਰੀ 2014 ਨੂੰ ਲਿਖੇ ਇਸ ਪੱਤਰ ਵਿੱਚ ਲਿਖਿਆ ਹੈ ਕਿ ਸਾਡੀ ਸਰਕਾਰ ਇਸ ਮੁੱਦੇ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਅਸੀਂ ਇਨਸਾਫ਼ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ।


ਕੇਜਰੀਵਾਲ ਨੇ ਆਪਣੇ ਪੱਤਰ ਵਿੱਚ ਇਹ ਵੀ ਲਿਖਿਆ ਸੀ ਕਿ ਦਿੱਲੀ ਸਰਕਾਰ ਨੇ ਪਹਿਲਾਂ ਹੀ ਪ੍ਰੋ. ਭੁੱਲਰ ਦੀ ਰਿਹਾਈ ਦੀ ਸਿਫਾਰਿਸ਼ ਰਾਸ਼ਟਰਪਤੀ ਨੂੰ ਭੇਜ ਦਿੱਤੀ ਗਈ ਹੈ, ਇਸ ਦੇ ਨਾਲ ਹੀ ਦਿੱਲੀ ਸਰਕਾਰ ਐਸਆਈਟੀ ਦੇ ਗਠਨ ਵਰਗੇ ਹੋਰ ਮੁੱਦਿਆਂ 'ਤੇ ਵੀ ਕੰਮ ਕਰਦੀ ਰਹੇਗੀ।