ਨਵੀਂ ਦਿੱਲੀ: ਦੇਸ਼ ਦੇ 18 ਸੂਬਿਆਂ 'ਚ ਮਿਊਕੋਰਮਾਇਕੋਸਿਸ ਜਾਂ ਬਲੈਕ ਫੰਗਸ ਦੇ ਹੁਣ ਤਕ ਕੁੱਲ 5424 ਮਾਮਲੇ ਆਏ ਹਨ। ਜਿੰਨ੍ਹਾਂ 'ਚ ਸਭ ਤੋਂ ਜ਼ਿਆਦਾ ਮਾਮਲੇ ਗੁਜਰਾਤ ਤੇ ਮਹਾਰਾਸ਼ਟਰ ਦੇ ਹਨ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਸੋਮਵਾਰ ਦਿੱਤੀ। ਉਨ੍ਹਾਂ ਦੱਸਿਆ, 'ਐਮਫੋਟੇਰਿਸਿਨ-ਬੀ ਇੰਜੈਕਸ਼ਨ ਦੀਆਂ 9 ਲੱਖ ਖੁਰਾਕਾਂ ਕੇਂਦਰ ਸਰਕਾਰ ਨੇ ਬਲੈਕ ਫੰਗਸ ਦਾ ਇਲਾਜ ਕਰਨ ਲਈ ਆਯਾਤ ਕੀਤੀਆਂ ਹਨ। ਇਨ੍ਹਾਂ 'ਚ 50 ਹਜ਼ਾਰ ਖੁਰਾਕਾਂ ਪ੍ਰਾਪਤ ਹੋ ਚੁੱਕੀਆਂ ਹਨ ਤੇ ਤਿੰਨ ਲੱਖ ਵਾਧੂ ਖੁਰਾਕਾਂ ਪ੍ਰਾਪਤ ਹੋ ਚੁੱਕੀਆਂ ਹਨ ਤੇ ਤਿੰਨ ਲੱਖ ਵਾਧੂ ਖੁਰਾਕਾਂ ਅਗਲੇ ਸੱਤ ਦਿਨਾਂ 'ਚ ਉਪਲਬਧ ਹੋ ਜਾਣਗੀਆਂ।


ਕੋਵਿਡ-19 ਤੇ ਬਣੇ ਮੰਤਰੀਆਂ ਦੇ ਸਮੂਹ ਦੀ 27ਵੀਂ ਬੈਠਕ ਨੂੰ ਸੰਬੋਧਨ ਕਰਦਿਆਂ ਹਰਸ਼ਵਰਧਨ ਨੇ ਕਿਹਾ ਕਿ ਗੁਜਰਾਤ 'ਚ ਬਲੈਕ ਫੰਗਸ ਦੇ 2165 ਮਾਮਲੇ ਆਏ ਹਨ। ਇਸ ਤੋਂ ਇਲਾਵਾ ਮਹਾਰਾਸ਼ਟਰ 'ਚ 1188, ਉੱਤਰ ਪ੍ਰਦੇਸ਼ 'ਚ 663, ਮੱਧ ਪ੍ਰਦੇਸ਼ 'ਚ 590, ਹਰਿਆਣਾ 'ਚ 339 ਤੇ ਆਂਧਰਾ ਪ੍ਰਦੇਸ਼ 'ਚ 248 ਲੋਕਾਂ ਦੇ ਮਿਊਕੋਰਮਾਇਕੋਸਿਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ।


ਉਨ੍ਹਾਂ ਦੱਸਿਆ ਮਿਊਕੋਰਮਾਇਕੋਸਿਸ ਦੇ 5,424 ਮਾਮਲਿਆਂ 'ਚ 4,556 ਮਰੀਜ਼ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਏ ਸਨ ਜਦਕਿ 875 ਮਰੀਜ਼ ਅਜਿਹੇ ਹਨ ਜਿੰਨ੍ਹਾਂ ਨੂੰ ਕੋਵਿਡ-19 ਦੀ ਬਿਮਾਰੀ ਨਹੀਂ ਹੋਈ ਸੀ। ਉੱਥੇ ਹੀ 55 ਫੀਸਦ ਮਰੀਜ਼ ਮਧੂਮੇਹ ਦੀ ਬਿਮਾਰੀ ਤੋਂ ਪੀੜਤ ਸਨ।


ਸਿਹਤ ਮੰਤਰੀ ਦਾ ਬਿਆਨ


ਮੰਤਰੀ ਨੇ ਦੱਸਿਆ ਕਿ 19 ਸੂਬੇ ਪਹਿਲਾਂ ਹੀ ਮਿਊਕੋਰਮਾਇਕੋਸਿਸ ਨੂੰ ਮਹਾਮਾਰੀ ਐਕਟ ਦੇ ਤਹਿਤ ਨੋਟੀਫਾਈਡ ਬਿਮਾਰੀ ਐਲਾਨ ਚੁੱਕੇ ਹਨ। ਇਸ ਤਹਿਤ ਅਜਿਹੇ ਮਾਮਲਿਆਂ ਦੀ ਜਾਣਕਾਰੀ ਸਰਕਾਰੀ ਅਧਿਕਾਰੀਆਂ ਨੂੰ ਦੇਣੀ ਹੁੰਦੀ ਹੈ।


ਕੋਵਿਡ-19 ਮਹਾਮਾਰੀ ਰੋਕਣ ਲਈ ਭਾਰਤ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਦਿੰਦਿਆਂ ਹਰਸ਼ਵਰਧਨ ਨੇ ਦੱਸਿਆ ਕਿ ਲਗਾਤਾਰ 11ਵਾਂ ਦਿਨ ਹੈ ਜਦੋਂ ਨਵੇਂ ਮਾਮਲਿਆਂ ਦੇ ਮੁਕਾਬਲੇ ਦੇਸ਼ 'ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਜ਼ਿਆਦਾ ਰਹੀ।


ਉਨ੍ਹਾਂ ਕਿਹਾ, 'ਅੱਜ ਲਗਾਤਾਰ ਅੱਠਵਾਂ ਦਿਨ ਹੈ ਜਦੋਂ ਨਵੇਂ ਮਾਮਲਿਆਂ ਦੀ ਸੰਖਿਆਂ ਤਿੰਨ ਲੱਖ ਤੋਂ ਘੱਟ ਰਹੀ ਜੋ ਸਾਕਾਰਾਤਮਕ ਸੰਦੇਸ਼ ਹੈ।' ਮੰਤਰੀ ਨੇ ਕਿਹਾ, 'ਇਸ ਸਮੇਂ ਦੇਸ਼ ਦੇ ਇਲਾਜ ਅਧੀਨ ਮਰੀਜ਼ਾਂ ਦੀ ਸੰਖਿਆ 27 ਲੱਖ ਹੈ ਜੋ ਕੁਝ ਹਫ਼ਤੇ ਪਹਿਲਾਂ ਤਕ 37 ਲੱਖ ਸੀ।'


ਹਰਸ਼ਵਰਧਨ ਨੇ ਕਿਹਾ, 'ਹੁਣ ਤਕ ਅਸੀਂ ਦੇਸ਼ਵਾਸੀਆਂ ਨੂੰ ਟੀਕੇ ਦੀ 19-6 ਕਰੋੜ ਖੁਰਾਕਾਂ ਦੇ ਚੁੱਕੇ ਹਾਂ। ਸੂਬਿਆਂ ਕੋਲ ਹੁਣ ਵੀ 60 ਲੱਖ ਖੁਰਾਕਾਂ ਮੌਜੂਦ ਹਨ ਤੇ 21 ਲੱਖ ਖੁਰਾਕ ਮੁਹੱਈਆ ਕਰਾਉਣ ਦੀ ਪ੍ਰਕਿਰਿਆ 'ਚ ਹੈ।'