2 October: ਅੱਜ 2 ਅਕਤੂਬਰ 2022 ਨੂੰ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ 118ਵੀਂ ਜਯੰਤੀ ਹੈ। ਦਰਅਸਲ, 2 ਅਕਤੂਬਰ ਨੂੰ ਦੋ ਮਹਾਨ ਨੇਤਾਵਾਂ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਦੀ ਜਯੰਤੀ ਮਨਾਈ ਜਾਂਦੀ ਹੈ। ਦੇਸ਼ ਦੀ ਸਵੈ-ਨਿਰਭਰਤਾ ਅਤੇ ਆਜ਼ਾਦੀ ਲਈ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਇੱਕ ਉੱਤਮ ਰਾਜਨੇਤਾ ਮੰਨਿਆ ਜਾਂਦਾ ਹੈ।


ਸ਼ਾਸਤਰੀ ਜੀ ਨੇ ਨਾ ਸਿਰਫ਼ ਆਪਣੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਨੂੰ ਬੜੀ ਆਸਾਨੀ ਨਾਲ ਪਾਰ ਕੀਤਾ ਸਗੋਂ ਸਾਰਿਆਂ ਲਈ ਪ੍ਰੇਰਨਾ ਸਰੋਤ ਵੀ ਬਣੇ, ਚਾਹੇ ਬਚਪਨ ਵਿੱਚ ਦਿਨ ਵਿੱਚ ਦੋ ਵਾਰ ਗੰਗਾ ਨੂੰ ਤੈਰ ਕੇ ਪਾਰ ਕਰਨ ਦੀ ਗੱਲ ਹੋਵੇ ਜਾਂ ਪ੍ਰਧਾਨ ਮੰਤਰੀ ਹੁੰਦਿਆਂ ਵੀ ਪੈਸੇ ਦੀ ਤੰਗੀ ਦੀ ਗੱਲ ਹੋਵੇ। ਆਓ ਜਾਣਦੇ ਹਾਂ ਉਨ੍ਹਾਂ ਦੇ ਪ੍ਰੇਰਨਾਦਾਇਕ ਜੀਵਨ ਬਾਰੇ


ਬਚਪਨ ਅਤੇ ਸਕੂਲੀ ਪੜ੍ਹਾਈ


ਲਾਲ ਬਹਾਦੁਰ ਸ਼ਾਸਤਰੀ ਜੀ ਦਾ ਜਨਮ 2 ਅਕਤੂਬਰ 1904 ਨੂੰ ਮੁਗਲਸਰਾਏ (ਉੱਤਰ ਪ੍ਰਦੇਸ਼) ਵਿੱਚ ਹੋਇਆ ਸੀ। ਬਚਪਨ ਵਿੱਚ ਉਨ੍ਹਾਂ ਨੂੰ ਪਿਆਰ ਨਾਲ ਨੰਨੇ ਕਿਹਾ ਜਾਂਦਾ ਸੀ। ਸ਼ਾਸਤਰੀ ਜੀ ਜਾਤ-ਪਾਤ ਦੇ ਵਿਰੋਧੀ ਸਨ, ਇਸ ਲਈ ਉਨ੍ਹਾਂ ਨੇ ਆਪਣੇ ਨਾਂ ਤੋਂ ਆਪਣਾ ਉਪਨਾਮ ਹਟਾ ਦਿੱਤਾ। ਸ਼ਾਸਤਰੀ ਜੀ ਨੂੰ ਮੁੱਢਲੀ ਵਿੱਦਿਆ ਹਾਸਲ ਕਰਨ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਡੇਢ ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚਾਚੇ ਨੇ ਪਾਲਿਆ।



ਸਕੂਲ ਜਾਣ ਲਈ ਉਨ੍ਹਾਂ ਨੂੰ ਰੋਜ਼ਾਨਾ ਮੀਲ ਪੈਦਲ ਤੁਰ ਕੇ ਗੰਗਾ ਨਦੀ ਪਾਰ ਕਰਨੀ ਪੈਂਦੀ ਸੀ। ਕਿਸ਼ਤੀ ਰਾਹੀਂ ਨਦੀ ਪਾਰ ਕਰਨ ਲਈ ਪੈਸੇ ਨਾ ਹੋਣ ਕਾਰਨ ਉਹ ਰੋਜ਼ਾਨਾ ਦੋ ਵਾਰ ਤੈਰ ਕੇ ਸਕੂਲ ਪਹੁੰਚਦੇ ਸੀ ਅਤੇ ਵਾਪਸ ਆਉਂਦੇ, ਦਰਿਆ ਪਾਰ ਕਰਦੇ ਸਮੇਂ ਸਿਰ 'ਤੇ ਕਿਤਾਬਾਂ ਬੰਨ੍ਹੀਆਂ ਜਾਂਦੀਆਂ ਸਨ ਤਾਂ ਜੋ ਉਹ ਗਿੱਲੀਆਂ ਨਾ ਹੋ ਜਾਣ।


ਇੰਝ ਜੁੜਿਆ ਨਾਂਅ ਨਾਲ ‘ਸ਼ਾਸਤਰੀ’


‘ਸ਼ਾਸਤਰੀ’ ਸ਼ਬਦ ‘ਵਿਦਵਾਨ’ ਜਾਂ ਅਜਿਹੇ ਵਿਅਕਤੀ ਨੂੰ ਦਰਸਾਉਂਦਾ ਹੈ ਜਿਸ ਨੂੰ ਸ਼ਾਸਤਰਾਂ ਦਾ ਚੰਗਾ ਗਿਆਨ ਹੋਵੇ। 1925 ਵਿੱਚ ਕਾਸ਼ੀ ਵਿਦਿਆਪੀਠ (ਵਾਰਾਨਸੀ) ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਉਨ੍ਹਾਂ ਨੂੰ "ਸ਼ਾਸਤਰੀ" ਦੀ ਉਪਾਧੀ ਦਿੱਤੀ ਗਈ। 15 ਅਗਸਤ 1947 ਨੂੰ ਉਨ੍ਹਾਂ ਨੂੰ ਪੁਲਿਸ ਅਤੇ ਟਰਾਂਸਪੋਰਟ ਮੰਤਰੀ ਨਿਯੁਕਤ ਕੀਤਾ ਗਿਆ। 1951 ਵਿੱਚ ਉਹ ਨਵੀਂ ਦਿੱਲੀ ਆ ਗਏ ਅਤੇ ਕੇਂਦਰੀ ਮੰਤਰੀ ਮੰਡਲ ਵਿੱਚ ਕਈ ਵਿਭਾਗਾਂ ਨੂੰ ਸੰਭਾਲਿਆ। ਉਹ ਰੇਲ ਮੰਤਰੀ, ਗ੍ਰਹਿ ਮਾਮਲਿਆਂ ਦੇ ਮੰਤਰੀ, ਵਣਜ ਅਤੇ ਉਦਯੋਗ ਮੰਤਰੀ, ਟਰਾਂਸਪੋਰਟ ਅਤੇ ਸੰਚਾਰ ਮੰਤਰੀ ਅਤੇ ਫਿਰ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਵੀ ਰਹੇ।


ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਲੈਣਾ ਪਿਆ ਸੀ ਕਰਜ਼ਾ 


ਕਿਹਾ ਜਾਂਦਾ ਹੈ ਕਿ ਜਦੋਂ ਲਾਲ ਬਹਾਦੁਰ ਸ਼ਾਸਤਰੀ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੇ ਸਾਹਮਣੇ ਕਾਰ ਖ਼ਰੀਦਣ ਦੀ ਇੱਛਾ ਜ਼ਾਹਰ ਕੀਤੀ ਸੀ, ਉਸ ਸਮੇਂ ਉਨ੍ਹਾਂ ਨੂੰ ਫਿਏਟ ਕਾਰ ਲਈ 12,000 ਰੁਪਏ ਦੀ ਜ਼ਰੂਰਤ ਸੀ, ਪਰ ਉਨ੍ਹਾਂ ਕੋਲ ਸਿਰਫ 7000 ਰੁਪਏ ਸਨ, ਫਿਰ ਕਾਰ ਖ਼ਰੀਦਣ ਲਈ ਸ਼ਾਸਤਰੀ ਜੀ ਨੇ ਪੰਜਾਬ ਨੈਸ਼ਨਲ ਬੈਂਕ ਤੋਂ 5,000 ਰੁਪਏ ਦੇ ਲੋਨ ਲਈ ਅਪਲਾਈ ਕੀਤਾ ਸੀ।


ਸ਼ਾਸਤਰੀ ਜੀ ਦੀ ਇਹ ਕਾਰ ਅੱਜ ਵੀ ਨਵੀਂ ਦਿੱਲੀ ਦੇ ਸ਼ਾਸਤਰੀ ਮੈਮੋਰੀਅਲ ਵਿੱਚ ਰੱਖੀ ਹੋਈ ਹੈ। 1965 ਅਤੇ 1966 ਵਿੱਚ ਸੋਕੇ ਨੂੰ ਦੂਰ ਕਰਨ ਲਈ ਉਨ੍ਹਾਂ ਨੇ ਚਿੱਟੀ ਕ੍ਰਾਂਤੀ ਲਹਿਰ ਸ਼ੁਰੂ ਕੀਤੀ ਜਿਸ ਵਿੱਚ ਕਿਸਾਨਾਂ ਨੂੰ ਕਣਕ ਅਤੇ ਝੋਨਾ ਉਗਾਉਣ ਦਾ ਸੱਦਾ ਦਿੱਤਾ ਗਿਆ। ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਬਾਅਦ, ਲਾਲ ਬਹਾਦਰ ਸ਼ਾਸਤਰੀ 09 ਜੂਨ 1964 ਨੂੰ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਬਣੇ।


ਸ਼ਾਸਤਰੀ ਜੀ ਦਾ ਕਾਰਜਕਾਲ 11 ਜਨਵਰੀ 1966 ਤੱਕ ਰਿਹਾ ਕਿਉਂਕਿ 11 ਜਨਵਰੀ 1966 ਨੂੰ ਤਾਸ਼ਕੰਦ, ਉਜ਼ਬੇਕਿਸਤਾਨ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਸ਼ਾਸਤਰੀ ਜੀ ਭਾਰਤ-ਪਾਕਿ ਜੰਗ ਤੋਂ ਬਾਅਦ ਤਾਸ਼ਕੰਦ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖ਼ਾਨ ਨੂੰ ਮਿਲਣ ਗਏ ਸਨ ਅਤੇ ਮੁਲਾਕਾਤ ਤੋਂ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ।