ਪਟਨਾ: ਜੇਲ੍ਹ ਵਿੱਚ ਸਜ਼ਾ ਕੱਟ ਰਹੇ ਰਾਸ਼ਟਰੀ ਜਨਤਾ ਦਲ (RJD) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਨਿੱਕੀ ਧੀ ਰੋਹਿਣੀ ਆਚਾਰਿਆ ਸਿਆਸਤ ਵਿੱਚ ਆਉਣ ਲਈ ਤਿਆਰ ਹੈ। ਰੋਹਿਣੀ ਨੇ ਇਰਾਦੇ ਸਾਫ ਕਰ ਦਿੱਤੇ ਹਨ ਕੇ ਜੇ ਉਸ ਦੇ ਪਰਿਵਾਰ ਨੂੰ ਉਸ ਦੀ ਲੋੜ ਪਈ ਤਾਂ ਉਹ ਸਿਆਸਤ ਵਿੱਚ ਜ਼ਰੂਰ ਐਂਟਰੀ ਮਾਰੇਗੀ। ਪਰ ਕਦੋਂ ਆਏਗੀ, ਇਸ ਬਾਰੇ ਹਾਲੇ ਕੁਝ ਸਪਸ਼ਟ ਨਹੀਂ ਕੀਤਾ।


ਰਾਸ਼ਟਰੀ ਜਨਤਾ ਦਲ (RJD) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ। ਲਿਹਾਜ਼ਾ ਹੁਣ ਉਹ ਚੋਣਾਂ ਨਹੀਂ ਲੜ ਸਕਦੇ। ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਫਿਲਹਾਲ ਆਈਆਰਸੀਟੀਸੀ ਦੇ ਮਾਮਲੇ ਵਿੱਚ ਜ਼ਮਾਨਤ 'ਤੇ ਹੈ। ਵੱਡੀ ਧੀ ਮੀਸਾ ਭਾਰਤੀ ਰਾਜ ਸਭਾ ਸਾਂਸਦ ਹੈ ਪਰ ਉਹ ਵੀ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਫਸੀ ਹੋਈ ਹੈ। ਨਿੱਕਾ ਮੁੰਡਾ ਤੇਜੱਸਵੀ ਈਡੀ ਤੇ ਇਨਕਮ ਟੈਕਸ ਦੇ ਰਡਾਰ 'ਤੇ ਹੈ ਤੇ ਉਹ ਵੀ ਜ਼ਮਾਨਤ 'ਤੇ ਹੈ। ਵੱਡੇ ਪੁੱਤ ਤੇਜ ਪ੍ਰਤਾਪ ਯਾਦਵ ਨੂੰ ਲਾਲੂ ਪਰਿਵਾਰ ਨੇ ਵਿਰਾਸਤ ਸੰਭਾਲਣ ਦੇ ਲਾਇਕ ਨਹੀਂ ਮੰਨਿਆ।

ਹੁਣ ਅਜਿਹੀ ਸਥਿਤੀ ਵਿੱਚ ਲਾਲੂ ਦੀ ਦੂਜੀ ਧੀ ਨੇ 'ABP ਨਿਊਜ਼' ਨੂੰ ਕਿਹਾ ਕਿ ਉਹ ਸਿਆਸਤ ਵਿੱਚ ਆਉਣ ਲਈ ਤਿਆਰ ਹੈ। ਲਾਲੂ ਦੀ ਧੀ ਰੋਹਿਣੀ ਆਚਾਰਿਆ ਨੂੰ ਜਦੋਂ ਪੁੱਛਿਆ ਕਿ ਕੀ ਉਹ ਸਿਆਸਤ ਵਿੱਚ ਆਏਗੀ, ਤਾਂ ਉਸ ਨੇ ਜਵਾਬ ਦਿੱਤਾ ਕਿ ਕਿਉਂ ਨਹੀਂ? ਹਾਲੇ ਪਲਾਨ ਨਹੀਂ ਪਰ ਸਹੁੰ ਵੀ ਨਹੀਂ ਖਾਧੀ। ਉਸ ਨੇ ਕਿਹਾ ਕਿ ਜੇ ਮੇਰੇ ਲੋਕਾਂ ਨੂੰ ਲੋੜ ਪਈ ਤਾਂ ਜ਼ਰੂਰ ਆਊਂਗੀ। ਫਿਲਹਾਲ ਪਰਿਵਾਰ ਵਿੱਚ ਖ਼ੁਸ਼ ਹਾਂ।

ਇਸ ਬਾਰੇ ਕਈ ਲੀਡਰਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਬੀਜੇਪੀ ਦੇ ਮੰਤਰੀ ਪ੍ਰੇਮਕੁਮਾਰ ਨੇ ਕਿਹਾ ਕਿ ਜਨਤਾ ਨੇ ਆਰਜੇਡੀ ਨੂੰ ਖਾਰਜ ਕਰ ਦਿੱਤਾ ਹੈ। ਕਿਸੇ ਦੇ ਆਉਣ ਨਾਲ ਬਿਹਾਰ ਦੀ ਸਿਆਸਤ ਵਿੱਚ ਹੋਈ ਫ਼ਰਕ ਨਹੀਂ ਪੈਣ ਵਾਲਾ। ਇਸ ਦੇ ਨਾਲ ਹੀ ਜੇਡੀਯੂ ਦੇ ਲੀਡਰ ਤੇ ਸਿੱਖਿਆ ਮੰਤਰੀ ਕ੍ਰਿਸ਼ਣ ਨੰਦਨ ਰੋਹਿਣੀ ਦੇ ਇਸ ਫੈਸਲੇ 'ਤੇ ਉਸ ਦਾ ਹੌਸਲਾ ਵਧਾਇਆ। ਉਨ੍ਹਾਂ ਕਿਹਾ ਸਵਾਗਤ ਹੈ।