Lawrence Bishnoi Case : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਦਿੱਲੀ ਪੁਲਿਸ ਮੁਤਾਬਕ ਲਾਰੈਂਸ ਬਿਸ਼ਨੋਈ ਅਤੇ ਉਸ ਦਾ ਗੈਂਗ ਅੱਤਵਾਦੀ ਸੰਗਠਨ ਇੰਡੀਅਨ ਮੁਜਾਹਿਦੀਨ ਦੇ ਅੱਤਵਾਦੀਆਂ ਦੇ ਮੋਬਾਈਲ ਫ਼ੋਨ ਇਸਤੇਮਾਲ ਕਰ ਰਿਹਾ ਹੈ।


ਪੁਲਿਸ ਮੁਤਾਬਕ ਸਪੈਸ਼ਲ ਸੈੱਲ ਦੀ ਜਾਂਚ 'ਚ ਪਤਾ ਲੱਗਾ ਹੈ ਕਿ ਲਾਰੈਂਸ ਬਿਸ਼ਨੋਈ ਤਿਹਾੜ ਦੀ ਜੇਲ ਨੰਬਰ 8 ਤੋਂ ਆਪਣੇ ਗਿਰੋਹ ਨੂੰ ਚਲਾਉਣ ਲਈ ਅੱਤਵਾਦੀ ਸੰਗਠਨ ਇੰਡੀਅਨ ਮੁਜਾਹਿਦੀਨ ਦੇ ਮੋਬਾਇਲ ਫੋਨ ਦੀ ਵਰਤੋਂ ਕਰ ਰਿਹਾ ਸੀ। ਇਸ ਸਾਲ ਮਾਰਚ ਵਿੱਚ ਜਾਂਚ ਏਜੰਸੀਆਂ ਨੇ 9643XXXXXX ਨੰਬਰ ਨੂੰ ਇੰਟਰਸੇਪਟ ਕੀਤਾ ਸੀ।


 ਗੈਂਗਸਟਰ ਦੀ ਆਵਾਜ਼ ਦੇ ਸੈਂਪਲ ਦੀ ਜਾਂਚ ਕਰਵਾਏਗੀ ਪੁਲਿਸ  

ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਆਪਣੀ ਜਾਣਕਾਰੀ ਨੂੰ ਪੁਖਤਾ ਕਰਨ ਲਈ ਲਾਰੈਂਸ ਬਿਸ਼ਨੋਈ, ਸੰਪਤ ਨਹਿਰਾ, ਬਿੰਟੂ ਉਰਫ਼ ਮਿੰਟੂ ਅਤੇ ਦੀਪਕ ਉਰਫ ਟੀਨੂੰ ਦੀ ਆਵਾਜ਼ ਦੀ ਜਾਂਚ ਕਰਵਾਉਣਾ ਚਾਹੁੰਦੀ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਆਵਾਜ਼ ਸੈਂਪਲ ਦੀ ਜਾਂਚ ਲਈ ਪਟਿਆਲਾ ਹਾਊਸ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ। ਲਾਰੈਂਸ ਬਿਸ਼ਨੋਈ ਅਤੇ ਸੰਪਤ ਨਹਿਰਾ ਸਮੇਤ 20 ਗੈਂਗਸਟਰਾਂ ਖਿਲਾਫ ਯੂਏਪੀਏ ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਇਸ ਸਮੇਂ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲਾਰੈਂਸ ਬਿਸ਼ਨੋਈ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ। 

 

ਟੈਰਰ ਫੰਡਿੰਗ ਮਾਮਲੇ 'ਚ ਲਾਰੈਂਸ ਦੇ ਦੋ ਕਰੀਬੀਆਂ ਤੋਂ ਪੁੱਛਗਿੱਛ 

ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਕਰੀਬੀ ਗੈਂਗਸਟਰ ਅਨਿਲ ਛਿੱਪੀ ਅਤੇ ਰਾਜੂ ਬਸੌਦੀ ਨੂੰ ਰਾਸ਼ਟਰੀ ਜਾਂਚ ਏਜੰਸੀ ਨੇ ਤਿਹਾੜ ਜੇਲ੍ਹ ਤੋਂ ਰਿਮਾਂਡ 'ਤੇ ਲਿਆ ਹੈ। NIA ਅੱਤਵਾਦੀ ਫੰਡਿੰਗ ਦੇ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਇਨ੍ਹਾਂ ਵਿੱਚੋਂ ਅਨਿਲ ਛਿੱਪੀ ਸ਼ਰਾਬ ਦਾ ਕਾਰੋਬਾਰੀ ਅਤੇ ਹਰਿਆਣਾ ਦਾ ਬਦਨਾਮ ਗੈਂਗਸਟਰ ਦੱਸਿਆ ਜਾਂਦਾ ਹੈ। ਇਲਜ਼ਾਮ ਹੈ ਕਿ ਉਹ ਸ਼ਰਾਬ ਦੇ ਵਪਾਰੀਆਂ ਤੋਂ ਜਬਰੀ ਵਸੂਲੀ ਕਰਨ ਲਈ ਲਾਰੈਂਸ ਦੀ ਦੇਖਭਾਲ ਕਰਦਾ ਹੈ। ਇਸ ਦੇ ਨਾਲ ਹੀ ਗੈਂਗਸਟਰ ਰਾਜੂ ਬਸੌਦੀ ਦੇ ਖਿਲਾਫ ਸੋਨੀਪਤ ਅਤੇ ਰੋਹਤਕ 'ਚ ਕਤਲ ਅਤੇ ਲੁੱਟ-ਖੋਹ ਸਮੇਤ ਅੱਧੀ ਦਰਜਨ ਤੋਂ ਵੱਧ ਮਾਮਲੇ ਦਰਜ ਹਨ।

ਹਥਿਆਰ ਸਪਲਾਈ ਕੇਸ


ਪਿਛਲੇ ਦਿਨੀਂ ਜਲੰਧਰ ਪੁਲਿਸ ਨੇ ਹਥਿਆਰਾਂ ਦੀ ਸਪਲਾਈ ਦੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਟਰਾਂਜ਼ਿਟ ਰਿਮਾਂਡ 'ਤੇ ਲਿਆ ਸੀ। 21 ਅਕਤੂਬਰ ਨੂੰ ਉਸ ਨੂੰ ਮੋਗਾ ਤੋਂ 10 ਦਿਨਾਂ ਦੇ ਟਰਾਂਜ਼ਿਟ ਰਿਮਾਂਡ 'ਤੇ ਲਿਆ ਗਿਆ ਸੀ। ਦਰਅਸਲ ਪੁਲਿਸ ਨੇ ਦੀਪਕ ਕੁਮਾਰ ਨਾਮਕ ਕਥਿਤ ਸਮੱਗਲਰ ਨੂੰ ਇੱਕ ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਸੀ। ਪੁਲੀਸ ਨੇ ਮੁਲਜ਼ਮ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ। ਪੁਲਿਸ ਨੂੰ ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਸ ਨੇ ਇਹ ਪਿਸਤੌਲ ਲਾਰੈਂਸ ਬਿਸ਼ਨੋਈ ਤੋਂ ਖਰੀਦਿਆ ਸੀ।

ਜਾਣਕਾਰੀ ਮੁਤਾਬਕ 30 ਸਾਲਾ ਲਾਰੈਂਸ ਬਿਸ਼ਨੋਈ ਖਿਲਾਫ 50 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਦੱਸਿਆ ਜਾਂਦਾ ਹੈ ਕਿ ਉਹ ਜੇਲ੍ਹ ਤੋਂ ਹੀ ਆਪਣਾ ਗੈਂਗ ਚਲਾਉਂਦਾ ਹੈ। ਉਸ ਦੇ ਗੈਂਗ ਬਾਰੇ ਕਿਹਾ ਜਾਂਦਾ ਹੈ ਕਿ 500 ਤੋਂ ਵੱਧ ਸ਼ਾਰਪ ਸ਼ੂਟਰ ਹਨ, ਜੋ ਦੇਸ਼ ਵਿਆਪੀ ਨੈੱਟਵਰਕ ਚਲਾਉਂਦੇ ਹਨ। ਇਹ ਸ਼ਾਰਪ ਸ਼ੂਟਰ ਲੋਕਾਂ ਨੂੰ ਡਰਾ ਧਮਕਾ ਕੇ ਲੁੱਟਣ ਦਾ ਕੰਮ ਕਰਦੇ ਹਨ।